ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਛੋਟੀ ਜਹੀ ਕਹਾਣੀ। ਦੋ ਪ੍ਰੇਮੀ ਬੇੜੀ ਵਿੱਚ ਬੈਠੇ ਹਨ। ਪ੍ਰੇਮੀਆਂ ਲਈ 'ਪਰਦੇ ਪਿੱਛੇ' ਦਾ ਨਜ਼ਾਰਾ ਵੀ ਸਮੇਂ ਦੇ ਅਨੁਕੂਲ ਹੈ। ਬੇੜੀ ਸਾਗਰ ਦੀ ਛਾਤੀ ਨਾਲ ਲੱਗੀ ਹੋਈ ਹੈ ਪਰ ਕਿਵੇਂ? ਜਿਵੇਂ ਕਿਸੇ ਵਿਛੁੜੀ ਸਜ-ਵਿਆਹੀ ਨੂੰ ਪੀਆ ਦੀ ਚਿੱਠੀ ਆਵੇ ਤੇ ਉਹ ਉਸ ਚਿੱਠੀ ਨੂੰ ਘੁੱਟ ਘੁੱਟ ਛਾਤੀ ਨਾਲ ਲਾਂਦੀ ਫਿਰੇ, ਬੁਲ੍ਹਾਂ ਨਾਲ ਚੁੰਮਦੀ ਬਾਵਲੀ ਹੁੰਦੀ ਜਾਏ।

ਮਿਲਾਪ ਵਿਚ ਕੁਦਰਤ ਘੱਟ ਹੀ ਖ਼ੁਸ਼ ਹੁੰਦੀ ਹੈ। ਪ੍ਰੇਮੀ ਕੱਠੇ ਸਨ, ਵੱਖਰੇ ਵੱਖਰੇ ਕਰਨਾ ਸੀ, ਯਕਦਮ ਤੁਫਾਨ ਆ ਗਿਆ, ਪਾਣੀ ਭਰਨ ਲੱਗਾ ਤੇ ਬੇੜੀ ਡੁਬੱਨ ਲੱਗੀ।

ਇਕ, ਸਿਰਫ ਇਕ, ਜ਼ਿੰਦਗੀ-ਬਚਾਊਂ ਪੇਟੀ ਸੀ। ਪ੍ਰੇਮੀ ਜ਼ਿਦ ਕਰ ਕੇ ਉਹ ਪੇਟੀ ਪ੍ਰੇਮਕਾ ਦੇ ਲੱਕ ਦੁਆਲੇ ਬੰਨ੍ਹ ਜਾਂਦਾ ਹੈ ਤੇ ਛਾਤੀ ਨਾਲ ਲਾ ਕੇ ਉਸਨੂੰ ਲਹਿਰਾਂ ਦੇ ਉੱਤੇ ਠੇਲ੍ਹ ਦੇਂਦਾ ਹੈ ਤੇ ਆਖਦਾ ਹੈ ਓ ਜਲ-ਪਰੀਏ। ਜਿੱਥੇ ਵੀ ਕੰਡੇ ਲੱਗੇਂ, ਮੇਰੀ ਉਡੀਕ ਕਰੀਂ ਤੇ ਮੇਰਾ ਪਿਆਰ ਭੁੱਲ ਨਾਂ ਜਾਈਂ। ਇਹ ਆਖਦਿਆਂ ਉਸਨੂੰ ਇਕ ਹੋਰ ਖ਼ਤਰਾ ਡਰ ਪਾਂਦਾ ਹੈ ਤੇ ਉਹ ਸੋਚਦਾ ਹੈ

ਜੇਕਰ ਰਹਿ ਗਈਉਂ ਵਿਚਕਾਰ
ਬਨ ਗਈਉਂ ਲਹਿਰਾਂ ਦੇ ਹਾਰ

ਫੇਰ ਕੀ ਹੋਵੇਗਾ? ਕੀ ਸਿਰਫ ਦੁਖ, ਸਦੀਵੀ ਦੁਖ। ਨਹੀਂ ਫੇਰ ਪਤਾ ਨਹੀਂ ਜ਼ਿੰਦਗੀ ਦਾ ਕੀ ਅੰਤ ਹੋਵੇ? ਕੌਣ ਜਾਣੇ?

੧੩੧