ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/139

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਕ ਹੋਰ ਗੱਡੀ ਦਾ ਸਫਰ ਜਿਸਨੇ ਮੈਨੂੰ ਇਹ ਚੀਜ਼ ਦਿੱਤੀ। ਜੀਵਨ ਵੀ ਇੰਝੇ ਇਕ ਸਫਰ ਵਾਂਗ ਹੈ। ਬੱਚਾ ਜੰਮਦਾ ਹੈ, ਪਲਦਾ ਹੈ ਤੇ ਫੇਰ ਵੱਡਾ ਹੋਕੇ, ਜਵਾਨ ਜਾਂ ਬੁੱਢਾ ਬਣ ਕੇ, ਮਰ ਜਾਂਦਾ ਹੈ। ਇਹ ਰੱਬ ਮੌਲਾ ਦੀ ਮਰਜ਼ੀ ਹੈ ਕਿ ਫਸਲ ਕੱਚੀ ਹੀ ਕੱਟ ਲਵੇ ਜਾਂ ਪੂਰੀ ਪੱਕਨ ਤੋਂ ਬਾਅਦ ਉਸਤੇ ਦਾਤਰੀ ਫੇਰੇ। ਪਰ ਇਹ ਨਿਯਮ ਅਟੱਲ ਹੈ ਕਿ ਜੋ ਪੈਦਾ ਹੋਇਆ ਹੈ ਉਸਨੇ ਮਰਨਾ ਹੈ। ਜ਼ਿੰਦਗੀ ਵਿਚ ਦੋ ਸਫਰ ਹਨ-ਇਕ ਜੰਮ ਕੇ ਔਣਾ ਤੇ ਦੂਜਾ ਮਰ ਕੇ ਚਲੇ ਜਾਣਾ। ਪੈਦਾਇਸ਼ ਤੋਂ ਲੈ ਕੇ ਮੌਤ ਤਕ ਹਰ ਇਕ ਦੇ ਤਜਰਬੇ ਵਖੋ ਵਖ ਹਨ। ਕਿਸੇ ਬੱਚੇ ਦੇ ਮੂੰਹ ਵਿੱਚ ਜੰਮਦੇ ਹੀ 'ਚਾਂਦੀ ਦਾ ਚਮਚਾ' ਹੁੰਦਾ ਹੈ ਤੇ ਕਿਸੇ ਗ਼ਰੀਬ ਬੱਚੇ ਦਾ ਪਹਿਲਾ ਸੁਆਗਤ ਹੀ ਫਿਟਕਾਰ ਨਾਲ ਹੁੰਦਾ ਹੈ। ਅਪਨੀ ਅਪਨੀ ਪਰਾਲਭਤ ਹੈ। ਕਈਆਂ ਲਈ ਔਕੜਾਂ ਹਨ ਤੇ ਕਈਆਂ ਲਈ ਸੁਖੈਣ ਸਾਂਵੀ ਪੱਧਰੀ ਜ਼ਿੰਦਗੀ। ਇਕ ਹੋਰ ਖ਼ਿਆਲ ਹੈ ਜਾਂ ਏਸਤਰਾਂ ਕਹਿ ਲਵੋ ਕਿ ਸਾਨੂੰ ਕਦੀ ਕਦੀ ਟੱਪਲਾਂ ਲਗਦਾ ਹੈ ਕਿ ਅਸੀ ਸ਼ਾਇਦ 'ਅਮਰ' ਹਾਂ। ਸਾਡੇ ਖ਼ਿਆਲ ਅਨੁਸਾਰ, ਸਾਡੇ ਕਾਰਨਾਮੇ ਰਹਿੰਦੀ ਦੁਨੀਆਂ ਤਕ ਯਾਦ ਰਹਿੰਦੇ ਹਨ ਪਰ ਵਾਸਤਵ ਵਿਚ ਕੀ ਹੈ? ਜੋ ਕਦੀ ਕੋਈ ਜੀਅ ਕੇ ਫੇਰ ਵੇਖ ਸਕਦਾ ਹੋਵੇ ਤਾਂ ਵੇਖੋ ਕਿ ਲੋਕ ਉਸਦੀ ਕਿਹੜੀ ਨਮਾਇਸ਼ੀ ਚੀਜ਼ ਨੂੰ ਯਾਦ ਰਖ ਰਹੇ ਹਨ। ਇਨਸਾਨ ਜਾਂਦਾ ਹੈ ਤੇ ਅਪਨੇ ਸਮਝੇ ਹੋਏ 'ਕੀਤੇ ਕ੍ਰਿਸ਼ਮੇ' ਵੀ ਨਾਲ ਹੀ ਲੈ ਜਾਂਦਾ ਹੈ। ਬਸ ਖੇਲ ਖ਼ਤਮ ਸ਼ੁਦ।

*

੧੩੯