ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਖ਼ਿਆਲ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ, ਪੈਗ਼ੰਮਬਰਾਂ ਅਵਤਾਰਾਂ ਵਿੱਚੋਂ ਬੇਮਿਸਾਲ ਹੋਏ ਹਨ। ਹਜ਼ਰਤ ਈਸਾ, ਮੂਸਾ, ਮੁਹਮਦ, ਸ਼ੀ ਕ੍ਰਿਸ਼ਨ, ਸ੍ਰੀ ਰਾਮਚੰਦਰ, ਮਹਾਤਮਾਂ ਬੁਧ ਤੇ ਮਹਾਤਮਾਂ ਗਾਂਧੀ ਅਪਣੇ ਅਪਣੇ ਸਮੇਂ ਸੰਸਾਰ ਨੂੰ ਝੂਣਦੇ ਹਿਲਾਂਦੇ ਰਹੇ ਤੇ ਭੁੱਲਿਆਂ ਨੂੰ ਸਿੱਧੇ ਰਸਤੇ ਪਾਂਦੇ ਰਹੇ। ਓਹ ਲੱਖਾਂ ਕਰੋੜਾਂ ਦੀ ਸ਼ਕਤੀ ਦੇ ਸੋਮੇਂ ਕਿਸੇ ਮੰਤਵ ਲਈ ਦੁਨੀਆਂ ਵਿਚ ਆਏ ਜਾਂ ਭੇਜੇ ਗਏ। ਉਹ ਸਾਰੇ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ, ਵੱਡੇ ਸਨ, ਸਤਕਾਰ ਯੋਗ ਸਨ ਤੇ ਅੱਜ ਵੀ ਹਨ ਉਸੇ ਤਰ੍ਹਾਂ ਸਮੇਂ ਸਮੇਂ ਉਨ੍ਹਾਂ ਅਪਣੇ ਖ਼ਿਆਲ ਦੁਨੀਆਂ ਸਾਮ੍ਹਣੇ ਰੱਖੇ ਤੇ ਭਾਵੇਂ ਉਸ ਵੇਲੇ ਬਹੁਤਿਆਂ ਨੂੰ ਇਹ ਖ਼ਿਆਲ ਓਪਰੇ ਲਗਦੇ ਸਨ ਪਰ ਫੇਰ ਬਾਅਦ ਵਿਚ ਦੁਨੀਆਂ ਨੇ ਇਨ੍ਹਾਂ ਖ਼ਿਆਲਾਂ ਤੇ ਹੀ ਫੁੱਲ ਚੜ੍ਹਾਏ ਤੇ ਇਨ੍ਹਾਂ ਮਹਾਂ ਪੁਰਸ਼ਾਂ ਦੀਆਂ ਕਥਨੀਆਂ ਨੂੰ ਅਕਾਸ਼-ਬਾਣੀ ਸਮਝਿਆ ਤੇ ਮੰਨਿਆ। ਇਹ ਸਾਰੀਆਂ ਹਸਤੀਆਂ ਉੱਚੇ ਤੋਂ ਉੱਚਾ ਦਰਜਾ ਰਖਦੀਆਂ ਹਨ ਪਰ ਗੁਰੂ ਗੋਬਿੰਦ, ਅਨੋਖਿਆਂ ਤੋਂ ਅਨੋਖਾ ਤੇ ਵਖਰਿਆਂ ਤੋਂ ਵੱਖਰਾ ਸੀ। ਇਤਿਹਾਸ ਦੇ ਪੱਤਰੇ ਫੋਲ ਲਓ, ਸਾਨੀ ਨਹੀਂ ਮਿਲਦਾ। ਛੋਟੇ ਹੁੰਦਿਆਂ ਤੋਂ ਅਖ਼ੀਰ ਦਮ ਤਕ ਕੁਰਬਾਨੀ ਪਿਤਾ ਦੀ, ਪੁੱਤਰਾਂ ਦੀ, ਸਿੱਖਾਂ ਦੀ, ਸੇਵਕਾਂ ਦੀ ਤੇ ਫੇਰ ਅਪਨੀ। ਗੁਰੂ ਗੋਬਿੰਦ ਕੀ ਸੀ? ਮੇਰੇ ਲਈ ਉਸ ਤੋਂ ਬਾਅਦ ਹੋਰ ਕੋਈ ਨਹੀਂ। ਇਹ ਬੇਮਿਸਾਲ ਸੀ ਤੇ ਬੇਮਿਸਾਲ ਰਹੇਗਾ।

*

੧੪੪