ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਕਰਦੇ ਹਨ, ਮੈਂ ਮੰਨਦਾ ਹਾਂ। ਮੈਨੂੰ ਸਤਕਾਰਦੇ ਵੀ ਹਨ, ਮੈਂ ਧਨਵਾਦੀ ਹਾਂ ਪਰ ਇਹ ਸਾਰੀਆਂ ਚੀਜ਼ਾਂ ਮੇਰੀ ਗਰਦਨ ਉੱਤੇ ਚੁੱਕਨ ਵਾਸਤੇ ਕਾਫੀ ਨਹੀਂ। ਜੇ ਕਰ ਪਾਠਕ ਮੇਰੇ ਪਹਿਲੇ ਖ਼ਿਆਲਾਂ ਤੋਂ ਵਾਕਫ ਹੋਣਾ ਚਾਹੁਣ ਤਾਂ ਮੈਂ ਦੱਸਨ ਦਾ ਯਤਨ ਕਰਦਾ ਹਾਂ; ਅਗੋਂ ਜੋ ਜਨਾਬ ਦੇ ਮਿਜ਼ਾਜ ਸ਼ਰੀਫ ਵਿਚ ਆਏ।

ਵਲਵਲਾ ਸੌ ਰੋਗਾਂ ਦਾ ਇਕ ਰੋਗ ਹੈ। ਏਸੇ ਵਲਵਲੇ ਕਮਬਖ਼ਤ ਨੇ ਮੈਨੂੰ ਆਪੇ ਤੋਂ ਬਾਹਰ ਕੀਤਾ। ਕਵਿਤਾਵਾਂ ਦੀ ਦੁਰਗਤੀ ਵੇਖੀ। ਅਣ-ਮੁਲੀਆਂ ਚੀਜ਼ਾਂ ਪੈਸੇ ਪੈਸੇ ਨਿਲਾਮ ਹੁੰਦੀਆਂ ਦਿਸੀਆਂ। ਚੰਗੇ ਚੰਗੇ ਸ਼ਿਅਰ ਗਲੀਆਂ ਬਾਜ਼ਾਰਾਂ ਵਿਚ ਰੁਲਦੇ ਨਜ਼ਰ ਆਏ। ਨਜ਼ਮਾਂ ਦੇ ਪੱਤਰਿਆਂ ਤੇ ਚਾਟ ਤੇ ਗੋਲ ਗੱਪੇ ਵਿਕਦੇ ਤੱਕੇ। ਮੈਂ ਬੇਵਸ ਹੋ ਗਿਆ। ਕਵਿਤਾ ਦਾ ਮੱਸ ਰਖਦਾ ਹਾਂ, ਰੁਕ ਨਾਂ ਸਕਿਆ। ਵਲਵਲੇ ਨੇ ਮਜਬੂਰ ਕੀਤਾ ਕਿ ਦਿਲ ਦੇ ਵੇਗ ਕਿਸੇ ਤਰਾਂ ਪ੍ਰਗਟ ਕਰਾਂ। ਇਹ ਦੋਸ਼ ਹੈ ਕਿ ਨਹੀਂ- ਮੈਂ ਕੁਝ ਫੈਸਲਾ ਨਹੀਂ ਕਰ ਸਕਦਾ। ਸ਼ਾਇਦ ਓਦੋਂ ਦੋਸ਼ ਨਹੀਂ ਸੀਂ ਜਦ ਕਿਤਾਬ ਦਾ ਖ਼ਿਆਲ ਮੇਰੇ ਮਨ ਵਿਚ ਨਹੀਂ ਸੀ ਆਇਆ ਪਰ ਅਜ ਏਸ ਕਿਤਾਬ ਨੂੰ ਛਪਵਾ ਕੇ ਮੈਂ ਦੋਸ਼ੀ ਅਖਵਾ ਸਕਦਾ ਹਾਂ। ਸੱਪ ਦੇ ਮੁੰਹ ਕੋੜਕ੍ਰਿੱਲ੍ਹੀ ਵਾਲਾ ਹਿਸਾਬ ਸੀ। ਕੀ ਕਰਦਾ ਤੇ ਕੀ ਨਾਂ ਕਰਦਾ?

ਮੇਰਾ ਖ਼ਿਆਲ ਸੀ ਕਵਿਤਾ ਲਿਖਦਾ ਰਹਾਂ ਸਿਰਫ਼ ਅਪਨੇ ਲਈ। ਕਵਿਤਾ ਆਵੇ ਫੁੱਟ ਫੁੱਟ ਕੇ,ਆਪ ਤੋਂ ਆਪ, ਕਿਸੇ ਉਮਲਦੇ ਸੋਮੇਂ ਵਾਂਗ। ਰੱਬ ਕਰ ਕੇ ਉੱਤੋਂ ਨਾਂ ਉਤਰੋ ਕੋਠੇ ਤੋਂ, ਪੌੜੀ ਲਾ ਕੇ,ਡੰਡੇ ਡੰਡੇ, ਹੌਲੀ ਹੌਲੀ। ਲਿਖਾਂ ਤੇ ਕੋਈ ਚੀਜ਼, ਸਚਮੁਚ ਕੋਈ ਚੀਜ਼ ਲਿਖਾਂ। ਏਸੇ ਲਈ ਭਟਕਦਾ ਫਿਰਦਾ ਹਾਂ ਤੇ ਕੁਦਰਤ ਦੀ ਗੋਦੀ ਵਿਚ ਬੈਠਨ ਤੇ ਦਿਲ ਕਰਦਾ ਹੈ। ਜੰਗਲ ਜੂਹਾਂ ਲੋੜਦਾ ਹਾਂ। ਪਾਣੀ ਦੇ ਕੰਡੇ ਮੰਗਦਾ ਹਾਂ। ਲੱਭਦਾ ਹਾਂ ਕੋਈਂ ਥਾਂ ਏਸ ਦੁਨੀਆਂ ਤੋਂ ਦੂਰ।

੧੮