ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਉਰਦੂ ਸ਼ਾਇਰ ਨੇ ਇਕ ਵਾਰ ਕੁਛ ਨਜ਼ਮਾਂ ਲਿਖੀਆਂ ਤੇ ਛਾਪੀਆਂ। ਛਾਪਨ ਤੋਂ ਬਾਅਦ ਉਸਨੇ ਕਿਤਾਬ ਵੰਡਨੀ ਤੇ ਵੇਚਨੀ ਚਾਹੀ। ਸ਼ਾਮਤ ਨੂੰ ਉਸਨੇ ਦੋ ਢਾਈ ਸੌ ਸਫਿਆਂ ਦੀ ਕਿਤਾਬ ਦੀ ਕੀਮਤ ਦੋ ਢਾਈ ਰੁਪਏ ਰਖ ਦਿੱਤੀ। ਕਈ ਦੋਸਤ ਜੋ ਸਿਰਫ ਨਾਂ ਦੇ ਹੀ ਦੋਸਤ ਸਨ ਉਸਦੀ ਕਿਤਾਬ ਖਰੀਦਨੋ ਸੰਕੋਚ ਕਰ ਰਹੇ ਸਨ। ਉਹਨਾਂ ਵਿੱਚੋਂ ਇਕ ਨੇ ਇਹ ਵੀ ਉੱਚਰ ਦਿੱਤਾ ਕਿ ਵੇਖ ਓਏ! ਲੁੱਟਨ ਦਾ ਮਸਾਲਾ! ਇਹ ਸੁਣ ਕੇ ਮੇਰੀ ਹਮ-ਸ਼ੌਕ ਹਮਦਰਦੀ ਜੋਸ਼ ਵਿਚ ਆਈ ਤੇ ਇਕ ਸ਼ਾਇਰ ਦੀ ਏਸਤਰਾਂ ਬੇਪਤੀ ਸਹਾਰਨੀ ਮੈਥੋਂ ਮੁਸ਼ਕਲ ਹੋ ਗਈ। ਕਿਸੇ ਨੂੰ ਤੇ ਖ਼ੈਰ ਮੈਂ ਕੀ ਕਹਿਣਾ ਸੀ, ਹਾਂ ਨਜ਼ਮ ਤੇ ਜ਼ੋਰ ਜ਼ਰੂਰ ਸੀ ਸੋ ਲਿਖ ਮਾਰੀ। ਦੁੱਖ ਵਿੱਚ ਆਖਿਆ ਹੈ ਕਿ ਸ਼ਾਇਰ ਜਹੇ ਬੇਲੋੜੇ ਜੀਵ ਦੀ ਅਜਕਲ ਦੀ ਦੁਨੀਆਂ, ਬੇਕਦਰਾਂ ਦੀ ਦੁਨੀਆਂ ਨੂੰ ਕੀ ਲੋੜ ਸੀ? ਸ਼ਾਇਰ ਜੰਮਦਾ ਹੀ ਮਰ ਜਾਂਦਾ ਤਾਂ ਚੰਗਾ ਸੀ ਤੇ ਜੇ ਉਹ ਜੀਊਂਦਾ ਰਿਹਾ ਤਾਂ 'ਅੱਨਾਂ ਬੋਲਾ' ਹੋ ਜਾਂਦਾ। ਨਾਂ ਕੁਝ ਦੇਖਦਾ, ਨਾਂ ਸੁਣਦਾ ਤੇ ਨਾਂ ਲਿਖਦਾ। ਉਸ ਦੀ ਕਲਮ ਤੋਂ ਆਏ ਹੋਏ ਅੱਖਰ ਨਜ਼ਮ ਨਾਂ ਬਨਦੇ ਤੇ ਉਹਨੂੰ ਇਹ ਨਜ਼ਮਾਂ ਵੇਚ ਕੇ ਅਪਨਾ ਪੇਟ ਪਾਲਨ ਲਈ ਮਜਬੂਰ ਨਾਂ ਹੋਣਾ ਪੈਂਦਾ।
ਦਿਲ ਫੱਟਦਾ ਹੈ ਇਹ ਸੋਚ ਕੇ ਕਿ ਬਾਜ਼ਾਰੀ ਕਮਾਈ (ਵੇਸਵਾ ਦੀ) ਵੀ ਏਸ ਦੁਨੀਆਂ ਨੂੰ ਪਰਵਾਨ ਹੈ ਪਰ ਇਕ ਸ਼ਾਇਰ ਦੀਆਂ ਅਨਮੁੱਲੀਆਂ ਚੀਜ਼ਾਂ ਲਈ ਕੋਈ ਕੀਮਤ ਨਹੀਂ——ਹਾਇ ਕੋਈ ਦਾਦ ਨਹੀਂ।

*

੨੦੧