ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/203

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤ ਦੀ ਰੰਗਨ ਜਵਾਨਾਂ ਦੇ ਬਹੁਤ ਸਾਰੇ ਖ਼ਿਆਲਾਂ ਤੇ ਚੜ੍ਹੀ ਹੋਈ ਹੁੰਦੀ ਹੈ। ਕਈ ਵੇਰ ਇਹ ਪਿਆਰ ਦਾ ਜਜ਼ਬਾ ਸਾਦਾ ਜਹੇ ਚੰਗੇ ਭਲੇ ਇਨਸਾਨ ਨੂੰ ਸ਼ਾਇਰ ਬਨਾ ਦੇਂਦਾ ਹੈ। ਕਿਸੇ ਏਹੋ ਜਹੇ ਜਜ਼ਬੇ ਨੇ ਹੀ ਕਿਸੇ ਦੂਰ ਬੀਤ ਗਏ ਸਾਲ ਵਿਚ ਮੇਰੇ, ਦਿਲ ਨੂੰ ਵੀ ਟੁੰਬਿਆ ਸੀ। ਮੈਂ ਪ੍ਰੀਤ ਕੀਤੀ——‘ਪ੍ਰੀਤ ਦੀ ਰੀਤ’ ਲਿਖੀ——ਤੇ 'ਪ੍ਰੀਤ ਦੀ ਰੀਤ' ਗਾਈ। ਇਹ ਸਤਰਾਂ ਕਿਸੇ ਬਿਰਹਨ ਦੇ ਦਿਲ ਦੀ ਤਰਜਮਾਨੀ ਕਰਦੀਆਂ ਹਨ। ਦੂਰ ਗਏ ਪੀਆ ਪ੍ਦੇਸੀ ਦੀ ਉਡੀਕ ਅਕਿਹ ਤੇ ਅਸਹਿ ਹੁੰਦੀ ਹੈ। ਉਸ ਦੀ ਯਾਦ ਵਿਚ ਬੈਠਿਆਂ, ਤਰਲੇ ਤੇ ਮਿੰਨਤਾਂ, ਵਾਪਸ ਬੁਲਾਣ ਦੇ ਸੱਦੇ ਹਨ ਤੇ ਨਾਲ ਨਾਲ ਅਪਨੇ ਦਿਲ ਦੇ ਵੇਗ ਇਹ ਵੀ ਦੱਸਨ ਦੀ ਕੋਸ਼ਸ਼ ਕਰਦੇ ਹਨ ਕਿ ਅੜਿਆ ‘ਪ੍ਰੀਤ ਦੀ ਰੀਤ' ਲਗਾ ਕੇ, ਤੋੜ ਜਾਣਾ ਨਹੀਂ, ਸਗੋਂ ਲਾ ਕੇ, ਤੋੜ ਨਿਭਾਣਾ ਹੈ। ਕੋਈ ਆਵੇ ਨਾਂ, ਪਾਸ ਬੁਲਾਏ ਨਾਂ, ਕਦੀ ਪਾਤੀ ਨਾਂ ਆਏ, ਖ਼ਬਰ ਨਾਂ ਮਿਲੇ ਕਿ ਕਿਸੇ ਦਾ ਪਿਆਰਾ ‘ਕੋਈ' ਕਿੱਥੇ ਹੈ ਤੇ ਐਸੇ ਸਮੇਂ ਕਿਸੇ ਬਿਰਹਨ ਦੇ ਖ਼ਿਆਲ ਕੀ ਹੋ ਸਕਦੇ ਨੇ? ‘ਪ੍ਰੀਤ ਦੀ ਰੀਤ' ਉਨ੍ਹਾਂ ਹੀ ਖ਼ਿਆਲਾਂ ਦਾ ਧੁੰਦਲਾ ਜਿਹਾ ਅਕਸ ਹੈ।

*

੨੦੩