ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/207

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਆਪਨੇ ਦਿਲ ਦੀ ਮਿਲਾਪ-ਚਾਹ ਰਸਤੇ ਦੇ ਸਾਰੇ ਨਿਜ਼ਾਰਿਆਂ ਨੂੰ ਮਿਲਾਪ-ਰੂਪ ਵਿਚ ਪੇਸ਼ ਕਰਦੀ ਹੈ। ਰੇਲ ਦਾ ਸਫਰ ਹੈ, ਹਵਾ ਦੇ ਫੱਰਾਟੇ,ਰਾਤ ਦਾ ਸਮਾਂ ਤੇ ਚੰਨ ਦੀ ਚਾਨਣੀ। ਗੱਡੀ ਦੇ ਨਾਲ ਨਾਲ ਦਿਲ ਵੀ ਦੌੜ ਰਿਹਾ ਹੈ, ਕਿਸੇ ਨੂੰ ਮਿਲਨ ਲਈ। ਯਾਤਰੀ ਦੀਆਂ ਅੱਖਾਂ ਟਿਕਟਿਕੀ ਲਗਾ ਕੇ ਬਾਹਰ ਵਲ ਵੇਖ ਰਹੀਆਂ ਹਨ ਤੇ ਅੱਖਾਂ ਨਾਲ ਤੱਕੇ ਦ੍ਰਿਸ਼ ਦਿਲ ਵਿਚ ਉਤਰਦੇ ਜਾ ਰਹੇ ਹਨ। ਉੱਤੇ ਆਕਾਸ਼ ਤੇ ਚੰਨ ਬਦਲੀ ਨੂੰ ਜ਼ਰਾ ਦੂਰ ਹੈ। ਬੇਅਖ਼ਤਿਆਰ ਮੂੰਹੋਂ ਨਿਕਲਦਾ ਹੈ,ਓਏ ਜਾ! ਬੱਦਲੀ ਨੂੰ ਮਿਲ ਜਾ ਕੇ। ਦੂਰ ਦੂਰ ਕਿਓਂ ਹੈਂ? ਫੇਰ ਨਜ਼ਰ ਸਾਮੵਣੇ ਵੱਲ ਜਾਂਦੀ ਹੈ-ਦੂਰ ਅਖ਼ੀਰ ਤੇ ਆਕਾਸ਼ ਅਤੇ ਜ਼ਮੀਨ ਮਿਲੇ ਹੋਏ ਜਾਪਦੇ ਹਨ। ਇਕ ਦੂਸਰੇ ਉੱਪਰ ਐਓਂ ਉਲੁੱਰਿਆ ਹੋਇਆ ਹੈ ਜਿਵੇਂ ਇਕ ਪਿਆਰਾ ਦੂਜੇ ਤੇ। ਨਜ਼ਰ ਫੇਰ ਫਿਰਦੀ ਹੈ ਤੇ ਉੱਤੇ ਆਕਾਸ਼ ਦੇ ਤਾਰੇ ਅੱਖਾਂ ਝਮਕਦੇ,ਅੱਥਰੂ ਕਰਦੇ ਲਗਦੇ ਹਨ ਤੇ ਐਓਂ ਪ੍ਰਤੀਤ ਹੁੰਦਾ ਹੈ ਜਿਵੇਂ ਪੁਰਾਣੇ ਚੱਕਰਾਂ ਨੂੰ ਯਾਦ ਕਰ ਰਹੇ ਹਨ। ਕੋਲ ਕੋਲ ਰਹਿੰਦੇ ਸਾਥੀ ਕਿੰਨੇ ਦੂਰ ਦੂਰ ਹੋ ਗਏ ਸਨ ਕਦੀ। ਅਗੇ ਚੱਲ ਕੇ ਇਕ ਨਦੀ ਔਂਦੀ ਹੈ। ਨਦੀ ਦਾ ਪਾਣੀ ਅਪਨੀ ਬੇਮਲੂਮੀ ਜਹੀ ਆਵਾਜ਼ ਵਿਚ ਗਾ ਰਿਹਾ ਲਗਦਾ ਹੈ ਪਰ ਕੀ? “ਚੱਲ ਚੱਲ।" "ਕਿਧੱਰ?" "ਸਾਗਰਾਂ ਵੱਲ"। ਨਦੀ ਦੀਆਂ ਲਹਿਰਾਂ,ਪਿਆਰੇ ਤੋਂ ਦੂਰ, ਫਿਰਾਕ ਅੰਦਰ ਲੁੱਛਦਿਆਂ,ਤੜਪਾਂ ਜਾਪਦੀਆਂ ਹਨ ਤੇ ਮੇਰੇ ਜ਼ਖਮੀ ਦਿਲ ਤੇ ਲੂਣ ਬਨ ਬਨ ਕੇ ਲਗ ਰਹੀਆਂ ਹਨ।
ਹੋਰ ਅੱਗੇ ਚੱਲ ਕੇ ਪੱਥਰ ਦਿਸਦੇ ਹਨ,ਪਰ ਉਹ ਵੀ ਪੱਥਰਾਂ ਕੋਲ--ਸਾਥੀ ਸਾਥੀਆਂ ਦੇ ਨੇੜੇ। ਇਨ੍ਹਾਂ ਸਾਰੇ ਕੁਦਰਤ ਤੇ ਦੂਸਰੇ ਨਜ਼ਾਰਿਆਂ ਨੂੰ ਵੇਖ ਕੇ ਇਕ ਪ੍ਰੇਮੀ ਸਫਰ ਵਿਚ ਵਿਛੋੜੇ ਦੀਆਂ ਘੜੀਆਂ ਕਿਵੇਂ ਬਿਤਾਵੇ? ਕਿਵੇਂ?

*

੨੦੭