ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/220

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਨੇ ਇਕ ਵੇਰ ਪੁੱਛਿਆ ਸੀ, ਓ ਚਰਨ! ਤੈਨੂੰ ਕੀ ਦੁੱਖ ਹੈ? ਤੂੰ ਕਿਉਂ ਹਰ ਵੇਲੇ ਕੁਝ ਸੋਚਦਾ ਰਹਿੰਦਾ ਹੈਂ? ਤੂੰ ਕਿਉਂ ਖ਼ੁਸ਼ ਨਹੀਂ? ਮੇਰੀ ਇਹ ਨਜ਼ਮ ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਹੈ। ਅਸਲ ਸਵਾਲ 'ਕਿਉਂ' ਦਾ ਤਾਂ ਕੋਈ ਉਤ੍ਰ ਨਹੀਂ। ਕਿਉਂ ਦੁਖੀ ਹਾਂ, ਨਹੀਂ ਜਾਣਦਾ। ਕਿਉਂ ਖ਼ੁਸ਼ ਨਹੀਂ, ਕੁਝ ਪਤਾ ਨਹੀਂ। ਸੋਚਾਂ ਹੀ ਸੋਚਾਂ ਹਨ ਪਰ ਇਹ ਸੋਚਾਂ ਹੈਣ ਕਿਉਂ?

ਮੈਨੂੰ ਸਮਝ ਨਹੀਂ ਔਂਦੀ ਕਿ ਰੱਬ ਮੇਰੇ ਜਿਸਮ ਵਿਚ ਕਿਧਰੇ ਦਿਲ ਵੀ ਰਖਿਆ ਸੀ ਕਿ ਨਹੀਂ। ਦਿਲ-ਧੱਕ ਧੱਕ ਕਰਨ ਵਾਲਾ ਦਿਲ ਨਹੀਂ-ਦਿਲ ਓਹ ਜਿਹੜਾ ਪਿਆਰ ਦੇਂਦਾ ਹੈ।

ਮੇਰੇ ਰੁਝੇਵੇਂ ਹਨ-ਕਵਿਤਾ ਦਾ ਸ਼ੌਕ, ਰਾਗ ਲਈ ਤੜਪ,ਕੋਈ ਚੰਗੀ ਰਸਿਕ ਚੀਜ਼ ਲਈ ਦੀਵਾਨਗੀ। ਇਹਨਾਂ ਵਿਚੋਂ ਕਵਿਤਾ ਦਾ ਹਿੱਸਾ ਬਹੁਤਾ ਹੈ; ਜਿਸ ਵੇਲੇ ਵੇਖੋ ਕੋਈ ਨਾਂ ਕੋਈ ਚੀਜ਼ ਛਿੜੀ ਹੋਈ ਹੈ ਤੇ ਦਿਲ ਦਿਮਾਗ਼ ਗੁਆਚੇ ਹੋਏ ਹਨ। ਇੱਕ ਏਸ ਚੀਜ਼ ਨੂੰ ਛੱਡ ਕੇ ਬਾਕੀ ਚੀਜ਼ਾਂ ਲਈ ਕਿੰਨੇ ਕਿੰਨੇ ਦਿਨ ਮੇਰੀ ਕੋਈ ਹਸਤੀ ਨਹੀਂ। ਫੇਰ ਹੋਰ ਵੀ ਜ਼ਿੰਦਗੀ ਦੇ ਕਈ ਕਾਰਖ਼ਾਨੇ ਹਨ ਜਿਨ੍ਹਾਂ ਵਿਚ ਦਿਲ ਉੱਕਾ ਨਹੀਂ ਪਰ ਇਨ੍ਹਾਂ ਤੋਂ ਛੁੱਟੀ ਵੀ ਨਹੀਂ ਮਿਲਦੀ। ਦੱਸੋ ਕੀ ਕਰਾਂ ਤੇ ਕੀ ਨਾਂ ਕਰਾਂ?

*

੨੨੦