ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/223

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਕਨਿਕ

ਪਿਕਨਿਕ-
ਅਮੀਰਾਂ ਦਾ ਚੋਝ ਸੀ।
ਪ੍ਰੇਮੀਆਂ ਦੀ ਖੋਝ ਸੀ।
ਘਰ ਹੁੰਦਿਆਂ ਬੇਘਰ............
ਸ਼ਹਿਰ ਤੋਂ ਦੂਰ
ਕਿਸੇ ਨਦੀ ਕਿਨਾਰੇ
ਕਿਸੇ ਬਾਗ਼ ਦੇ ਅੰਦਰ,
ਬਨਾਣਾ ਕੁਦਰਤ ਦਾ ਘੱਰ।
ਇਕ ਅੱਧ ਬਰਤਨ
ਤੇ ਸਫਰੀ ਸਾਮਾਨ।
ਇੱਟਾਂ ਦੇ ਚੁਲ੍ਹੇ
ਕੱਖਾਂ ਦਾ ਬਾਲਨ
ਕੱਚੀ ਪੱਕੀ ਰੋਟੀ
ਤੇ ਠੰਡੀ ਚਾਹ-
ਸਭ ਕੁਝ ਪਰਵਾਨ।
ਅੱਜ ਵੀ ਲੱਖਾਂ ਸ਼ਰਨਾਰਥੀ
ਬੇਘਰੇ ਪੰਜਾਬ ਦੇ
ਕਰ ਰਹੇ ਨੇ ਪਿਕਨਿਕ;
ਸੜਕਾਂ ਦੇ ਕਿਨਾਰੇ
ਖੋਲਿਆਂ ਦੇ ਅੰਦਰ
ਫਸੀਲਾਂ ਦੇ ਛੱਜਿਆਂ ਥੱਲੇ।
ਗੁਆ ਕੇ
ਬਾਲ ਬੱਚੇ ਔਰਤਾਂ ਤੇ
ਜੋ ਕੁਛ ਹੈ ਸੀ ਪੱਲੇ।

੨੨੩