ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਿਮਲੇ ਔਦਿਆਂ ਜਾਂਦਿਆਂ ਰਸਤੇ ਵਿਚ ਚੀਲਾਂ ਦੇ ਦਰਖ਼ਤ ਹਨ। ਇਹ ਦ੍ਰਖ਼ਤ ਇਕ ਖ਼ਾਸ ਉਚਾਈ ਤੇ ਹੁੰਦੇ ਹਨ-ਕਤਾਰਾਂ ਦੀਆਂ ਕਤਾਰਾਂ, ਛੋਟੇ ਵੱਡੇ, ਇਕ ਦੇ ਨਾਲ ਇਕ, ਸਿਰ ਜੋੜ ਕੇ ਖਲੋਤੇ ਹੋਏ।

ਸ਼ਾਮਾਂ ਦਾ ਵੇਲਾ ਹੈ। ਚਾਰੇ ਪਾਸੇ ਪਹਾੜੀਆਂ ਹਨ। ਡੁਬਦੇ ਸੂਰਜ ਦੀਆਂ ਕਿਰਨਾਂ ਜਾਣ ਵਾਲੀਆਂ ਹਨ। ਮੈਂ ਉਨ੍ਹਾਂ ਨੂੰ ਫੜਦਾ ਹਾਂ। ਲੁਕਨ ਮੀਟੀ ਦੀ ਖੇਡ ਬਨ ਜਾਂਦੀ ਹੈ। ਓਹ ਅੱਗੇ ਅੱਗੇ ਹਨ,ਤੇ ਮੈਂ ਪਿੱਛੇ ਪਿੱਛੇ ਹਾਂ। ਮੈਨੂੰ ਚੱਕਰ ਦੇਕੇ,ਪਹਾੜ ਦੀਆਂ ਟੀਸੀਆਂ ਤੋਂ ਬੱਚਦੀਆਂ ਹੋਈਆਂ, ਓਹ 'ਸਭੇ ਸਖੀਆਂ' ਇਕ ਚੀਲ ਨੂੰ ਹੱਥ ਲਾ ਦੇਂਦੀਆਂ ਹਨ। ਇਹ ਚੀਲ ਸਾਡੀ ਖ਼ਿਆਲੀ 'ਦਾਈਆ' ਹੈ। ਏਹੋ ਚੀਲ-ਪਰੀ ਐਸ ਵੇਲੇ ਮੇਰਿਆਂ ਅਰਮਾਨਾਂ ਦਾ ਕੇਂਦਰ ਬਨ ਗਈ ਜਾਪਦੀ ਹੈ। ਸੁਨਹਿਰੀ ਵਾਲ ਗਲ ਵਿੱਚ ਪਏ ਹੋਏ-ਅੱਧੇ ਏਧਰ ਤੇ ਅੱਧੇ ਓਧਰ। ਕੀ ਆਖਾਂ, ਅਜੀਬ ਸਮਾਂ ਹੈ। ਇਹ ਪੋਜ਼ ਇਕ ਗੁਆਚੀ ਹੋਈ ਤਸਵੀਰ ਮੇਰੀਆਂ ਅੱਖਾਂ ਅੱਗੇ ਲੈ ਔਂਦਾ ਹੈ। ਯਾਦਾਂ ਛਿੜ ਪਾਂਦੀਆਂ ਹਨ। ਯਾਦਾਂ ਤੋਂ ਬਾਅਦ ਹੌਕੇ ਤੇ ਹੌਕਿਆਂ ਤੋਂ ਬਾਅਦ ਹੰਝੂ-ਤ੍ਰਪ ਤ੍ਰਪ ਤ੍ਰਪ ਤ੍ਰਪ-ਤਸਅੱਵੁਰ ਦੀ ਦੁਨੀਆਂ ਵਿਚ ਚੀਲ ਰੂਪਮਾਨ ਹੋ ਕੇ ਕੁਛ ਤੋਂ ਕੁਛ ਬਣ ਗਈ ਹੈ ਤੇ ਬੀਤ ਗਏ ਸਮੇਂ ਕਿਸੇ ਹਨੇਰੇ ਵਿਚੋਂ ਨਿਕਲ ਕੇ ਫੇਰ ਉਜਲੇ ਹੋ ਰਹੇ ਹਨ।

੪੫