ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/51

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਏਕ ਨਜ਼ਮ ਦੇ ਦੋ ਭਾਗ ਹਨ। ਇਕ ਭਾਗ ਗ਼ੁਲਾਮੀ ਦੇ ਸਮੇਂ ਦਾ ਰੋਣਾ ਹੈ। ਸਾਡੀਆਂ ਸੋਚਾਂ ਤੇ ਮੰਗਾਂ ਦਾ ਮੇਰੇ ਖ਼ਿਆਲ ਅਨੁਸਾਰ ਖਿੱਚਿਆ ਗਿਆ ਉਹਨਾਂ ਦਿਨਾਂ ਦਾ ਨਕਸ਼ਾ ਹੈ। ਸਾਡੇ ਦਿਲ ਹਨ-ਗੇਂਦ ਵਾਂਗ- ਥਾਂ ਥਾਂ ਠੋਕਰਾਂ ਖਾਂਦੇ ਹਨ, ਕਦਮ ਕਦਮ ਤੋਂ ਟੁੱਟਦੇ ਹਨ। ਦਿਮਾਗ਼ ਹਨ- ਪਰੇਸ਼ਾਨ ਹਾਲਤ ਵਿਚ। ਹੱਥ ਹਨ- ਮੰਗਤਿਆਂ ਵਾਂਗ ਅੱਡੇ ਹੋਏ। ਅਸੀਂ ਕੀ ਮੰਗਦੇ ਹਾਂ? ਕੁਛ ਨਹੀਂ, ਅਸੀਂ ਮੰਗਦੇ ਹਾਂ- ਚੰਗਾ ਜੀਵਨ,ਪਰਸਪਰ ਪਿਆਰ ਤੇ ਸ਼ਾਂਨਤੀ।

ਦੂਜਾ ਭਾਗ ੧੫ ਅਗਸਤ ੧੯੪੭ ਤੋਂ ਬਾਅਦ ਦੀ ਸਾਡੀ ਅਵਸਥਾ ਦੀ ਇਕ ਝਲਕ ਹੈ। ਆਜ਼ਾਦੀ ਔਣ ਨਾਲ ਅਸੀਂ ਆਪਨੇ ਆਪ ਨੂੰ ਬਦਲ ਚੁੱਕੇ ਮਹਿਸੂਸ ਕਰਦੇ ਹਾਂ। ਸਾਡੇ ਵਿਚ ਕੁਝ ਸਵੈ-ਭਰੋਸਾ ਹੈ, ਜਾਗ੍ਰਤ ਹੈ, ਦਲੇਰੀ ਵੀ ਹੈ ਤੇ ਅਸੀ ਉੱਚੇ ਉੱਠਨ ਦੀਆਂ ਖ਼ਾਹਸ਼ਾਂ ਰਖਦੇ ਹਾਂ। ਸਾਡਾ ਇਨਕਲਾਬ ਤੋਂ ਮਤਲਬ, ਵਰਹਿਆਂ ਬਾਅਦ ਮਿਲੀ ਆਜ਼ਾਦੀ ਨੂੰ ਗਵਾਣਾ ਨਹੀਂ। ਅਸੀਂ ਐਸ ਵੇਲੇ ਕੋਈ ਨਵਾਂ ਪਰੀਵਰਤਨ ਨਹੀਂ ਚਾਹੁੰਦੇ। ਅਸੀ ਮੁਲਕ ਦੀ ਅਜੇਹੀ ਹਾਲਤ ਵਿਚ ਕੋਈ ਨਵੇਂ ਨੇਤਾ ਨਹੀਂ ਲੋੜਦੇ। ਅਸੀਂ ਚਾਹੁੰਦੇ ਹਾਂ ਤਾਂ ਕੇਵਲ ਇਹ ਕਿ ਅਮੀਰਾਂ ਦੇ ਨਾਲ ਨਾਲ ਵਿਚਾਰੇ ਗ਼ਰੀਬਾਂ ਦੇ ਜੀਵਨ ਵੀ ਸੋਹਣੇ ਤੇ ਸੁਆਦਲੇ ਹੋਣ। ਇਨਸਾਨ ਦੀਆਂ ਘੱਟ ਤੋਂ ਘਟ ਲੋੜਾਂ, ਰੋਟੀ ਕਪੜਾ ਤੇ ਮਕਾਨ, ਉਹਨਾਂ ਨੂੰ ਨਸੀਬ ਹੋਣ; ਇਕ ਐਸਾ ਇਨਕਲਾਬ ਜਾਂ ਤਬਦੀਲੀ ਹੋਵੇ ਜਿਹੜੀ ਗ਼ਰੀਬਾਂ ਦੇ ਜੀਵਨ ਬਦਲ ਦੇਵੇ।

ਅਸੀਂ ਚਾਹੁੰਦੇ ਹਾਂ ਕਿ ਗ਼ਰੀਬ ਅਮੀਰ ਇਕੋ ਤਰਾਂ ਆਜ਼ਾਦੀ ਦੀ ਖ਼ੁਸ਼ੀ ਮਾਣ ਸਕਨ ਤੇ ਸਰਮਾਏਦਾਰੀ

ਕਾਰਨ ਹੁੰਦੇ ਅਨਿਆਂ ਹਮੇਸ਼ਾਂ ਵਾਸਤੇ ਏਥੋਂ ਦੂਰ ਹੋ ਜਾਣ। ਗ਼ਰੀਬਾਂ ਨੂੰ ਵੀ ਮਾਣ ਦਿੱਤਾ ਜਾਏ ਉਸ ਦੁਰ ਦੁਰ ਕਾਰ ਦੀ ਥਾਂ ਜੋ ਕਿ ਅਜ ਕਲ ਉਹਨਾਂ ਲਈ ਆਮ ਹੈ।

੫੧