ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਛ ਬੀਤ ਗਿਆ ਏ,
ਕੁਛ ਬੀਤਦਾ ਜਾ ਰਿਹੈ।
ਜ਼ਿੰਦਗੀ ਦਾ ਸਫਰ
ਫੇਰ ਅੱਜ,
ਅੱਖਾਂ ਦੇ ਅੱਗੇ ਆ ਰਿਹੈ।

ਮੇਰੇ ਖ਼ਿਆਲ ਮੁੜ ਫਿਰ ਕੇ ਫੇਰ ਗੁੰਝਲ ਵਿਚ। ਨਿੰਮ੍ਰਤਾ ਗੁਰੂ-ਉਪਦੇਸ਼ ਹੈ। ਨਿਉਂ ਚਲਨਾਂ ਬਾਨੀ ਦੀ ਸਿਖਸ਼ਾ ਹੈ ਤੇ ਏਸਦੇ ਨਾਲ ਨਾਲ ਜ਼ਮਾਨੇ ਦੀ ਚਾਲ ਹੈ-ਸਵੈ-ਸਨਮਾਨ। ਕਾਇਦਾ ਹੈ, ਅਪਨੀ ਇੱਜ਼ਤ ਆਪ ਕਰੋ, ਦੁਨੀਆਂ ਵੀ ਤੁਹਾਡੀ ਇੱਜ਼ਤ ਕਰੇਗੀ। ਆਪਨੇ ਆਪ ਨੂੰ ਨੀਵਾਂ ਸਮਝੋ, ਦੁਨੀਆਂ ਵੀ ਲਤਾੜ ਕੇ ਨਿਕਲ ਜਾਏਗੀ। ਸੋਚ ਹੈ ਤਾਂ ਇਹ ਕਿ ਜੀਵਨ ਵਿਚ ਇਨਸਾਨ ਕਿਸ ਚੀਜ਼ ਦਾ ਲੜ ਫੜੇ?

ਕਿਸੇ ਕਾਰਨ, ਮਨ ਵਿਚ ਰੱਬ-ਪਿਆਰ ਦੀ ਚਿਣਘ ਮੱਘੀ। ਖ਼ਿਆਲ ਗੁਰੂ ਘਰ ਵਲ ਹੋਏ ਪਰ ਦੁਨੀਆਂ ਨੇ ਇਹ ਕੁਦਰਤ ਦੀ ਦਾਤ ਖੋਹ ਲਈ। ਹੋਰ ਪਿਆਰਾਂ ਨੇ ਰੱਬ ਦਾ ਪਿਆਰ ਵੰਡ ਲਿਆ। ਸੋਚ ਸੋਚ ਕੇ, ਕਈ ਵੇਰ ਪਛਤਾਵਾ ਹੁੰਦਾ ਹੈ ਕਿ ਮਨਾਂ! ਤੂੰ ਕਿਸ ਮਾਰਗ ਤੇ ਚੱਲਿਆ ਸੈਂ ਤੇ ਕਿਉਂ ਬਾਅਦ ਵਿਚ, ਏਸ ਰਸਤੇ ਤੋਂ ਪੱਛੜ ਗਿਓਂ? ਇਕ ਦਿਨ ਪੁਰਾਣੇ, ਜੀਵਨ ਤੇ ਇਕ ਨਜ਼ਰ ਫੇਰਦਿਆਂ ਫੇਰ ਸੋਚ ਰਿਹਾ ਸਾਂ ਕਿ ਸੋਚਾਂ ਨੇ ਇਨ੍ਹਾਂ ਸਤਰਾਂ ਦਾ ਰੂਪ ਲੈ ਲਿਆ। ਇਕ ਪਾਂਧੀ ਦੀ, ਥੋੜਾ ਜਿਹਾ ਪੈਂਡਾ ਚਲਕੇ, ਹਸਰਤ ਭਰੀ ਨਜ਼ਰ ਉੱਠਦੀ ਹੈ ਉਸ ਪੜਾਂ ਵਲ, ਜਿਹੜਾ ਕਿ ਉਹ ਲੰਘ ਆਇਆ ਹੈ, ਕੋਲੋਂ ਦੀ ਹੋਕੇ।

੫੩