ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਕੋਈ ਕਿਸੇ ਵੇਲੇ ਦਿੱਤਾ ਗਿਆ ਸ੍ਰਾਪ ਸ਼ਾਇਦ ਮੇਰੇ ਅੱਗੇ ਆਇਆ ਹੈ। ਨਾਲ ਨਾਲ ਏਸੇ ਪਾਪ ਦਾ ਖ਼ਿਆਲ ਮੈਨੂੰ ਕਾਲ ਵਾਂਗ ਗ੍ਰੱਸ ਰਿਹਾ ਜਾਪਦਾ ਹੈ ਤੇ ਅੱਜ ਵੀ ਪੈਰੋ ਪੈਰ ਪਿੱਛਾ ਕਰ ਰਿਹਾ ਹੈ' ਪਰਛਾਵੇਂ ਵਾਂਗ।

ਦੂਜੇ ਬੰਦ ਵਿੱਚ ਇਹ ਅਵਸਥਾ ਬਦਲ ਗਈ ਹੈ। ਤਸਵੀਰ ਦਾ ਦੂਜਾ ਪਾਸਾ ਸਾਮ੍ਹਣੇ ਔਂਦਾ ਹੈ। ਪਿਆਰ ਦੀਆਂ ਬੀਤੀਆਂ ਘੜੀਆਂ ਇਕ ਨਵੇਂ ਵਹਿਣ ਵਿੱਚ ਰੋੜ੍ਹ ਦੇਂਦੀਆਂ ਹਨ। ਹੱਥ ਜੁੜ ਜਾਂਦੇ ਹਨ। ਅੱਖਾਂ ਵੱਸ ਪੈਂਦੀਆਂ ਹਨ, ਜ਼ਾਰੋ ਜ਼ਾਰ, ਸੌਣ ਮਾਂਹ ਦੀ ਝੜੀ ਵਾਂਗ।

ਤੀਜੇ ਬੰਦ ਵਿਚ ਖ਼ਿਆਲ ਦਾ ਘੋਲ੍ਹ ਫੇਰ ਜ਼ੋਰਾਂ ਤੇ ਹੈ। ਪਸਚਾਤਾਪ ਦਾ ਪਾਸਾ ਕੁਛ ਚਿਰ ਲਈ ਭਾਰਾ ਜਾਪਦਾ ਹੈ। ਸੋਚਦਾ ਹਾਂ ਸ੍ਵਾਸ ਸ੍ਵਾਸ ਜਾਪ ਕਰਾਂ ਪਰ ਕੀ ਲਾਭ? ਕਹਿੰਦੇ ਹਨ 'ਹੋਣੀ' ਜ਼ਰੂਰ ਹੋ ਕੇ ਰਹਿੰਦੀ ਹੈ ਤੇ ਨਾਂ ਹੋਣ ਵਾਲੀ ਗੱਲ, 'ਅਣਹੋਣੀ' ਕਦੀ ਨਹੀਂ ਹੁੰਦੀ, ਭਾਵੇਂ ਕੁਝ ਵੀ ਹੋਵੇ। ਖ਼ਿਆਲ ਕੀਤਾ ਜਾਂਦਾ ਹੈ ਕਿ ਸਭ ਕੁਛ ਅਟੱਲ ਹੈ। ਪੱਤੇ ਵੀ ਕੁਦਰਤ ਦੇ ਹੁਕਮ ਤੋਂ ਬਿਨਾਂ ਹਿਲ ਨਹੀਂ ਸਕਦੇ ਤੇ 'ਕਰਨੀ ਭਰਨੀ ਭੀ ਅਮੇਟ ਹੈ। ਕੋਈ ਰੇਖ ਵਿੱਚ ਮੇਖ ਵੱਜਨੀ ਅਸੰਭਵ ਹੈ। ਕੋਈ ਉਪਰਾਲਾ ਕੀਤੇ ਕਾਰਿਆਂ ਉੱਪਰ ਪਾਣੀ ਨਹੀਂ ਫੇਰ ਸਕਦਾ।

ਜੇਕਰ ਨਿਯਮ ਏਹੋ ਹੀ ਹੈ ਤਾਂ ਮੇਰਾ ਪਸਚਾਤਾਪ ਕਿਸ ਕੰਮ? ਮੇਰੇ ਦਿਲ ਦਾ ਭਾਰ ਹੌਲਾ ਨਹੀਂ ਹੋ ਸਕਦਾ। ਮੇਰੇ ਮਨ ਨੂੰ ਲੱਗੀ ਜੋਕ ਹੱਟ ਨਹੀਂ ਸਕਦੀ। ਮੇਰਾ ਪਿਆਰ, ਜੇਕਰ ਇਹ ਪਾਪ ਸੀ, ਤਾਂ ਪਾਪ ਹੀ ਰਹੇ ਪਰ ਕੀ ਇਹ ਪਾਪ ਸੀ? ਸ਼ਾਇਦ ਨਹੀਂ।

**

੬੬