ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜਾਗ੍ਰਤ
ਅਣਖੀ ਕੌਮ ਹੈ ਸਿੱਖ, ਅਣਖ ਨਾ ਛਡਦੀ ਜਾਵੇ।
ਬੀਰ ਬਹਾਦਰ ਬਨੇ, ਨਿੱਤਰੇ–ਰਣ ਵਿੱਚ ਆਵੇ।
ਬਦੀ ਨੂੰ ਦੂਰ ਕਰੇ, ਨੇਕੀ ਦੀ ਲੌ ਜਗਾਵੇ।
ਉਪਦੇਸ਼ ਆਪ ਸੁਣੇ, ਭੁੱਲਿਆਂ ਨੂੰ ਰਾਹ ਪਾਵੇ।
ਉੱਠੇ ਫੇਰ ਕੋਈ ਤੇ ਇਕ ਬਨਾਵੇ ਸਾਨੂੰ।
ਬੰਦੇ ਬਹਾਦਰ ਵਾਂਗ, ਮਰਨਾ ਜਣਾਵੇ ਸਾਨੂੰ।
ਸਾਡੇ ਹੀ ਵਿੱਚੋਂ ਸਨ ਓਹ ਖੱਲਾਂ ਲੁਹਾਣ ਵਾਲੇ।
ਤਲੀ ਤੇ ਸੀਸ ਧਰ ਕੇ ਵੀ, ਕੌਲ ਕਮਾਣ ਵਾਲੇ।
ਹੁਕਮ ਦੇ ਬੰਦੋ ਪੱਕੇ, ਬੰਦ ਬੰਦ ਕਟਾਣ ਵਾਲੇ।
ਧਰਮ ਦੀ ਆਣ ਖ਼ਾਤਰ, ਜਾਨਾਂ ਗਵਾਣ ਵਾਲੇ।
ਡਰਨ ਨਾ ਰਾਜਿਆਂ ਤੋਂ, ਫੂਲਾ ਸਿੰਘ ਦਲੇਰ ਵਰਗੇ।
ਧਰਮੀ ਤੇ ਬੱਲ ਵਾਲੇ, ਜਿਓਂ ਹਰੀ ਸਿੰਘ ਸ਼ੇਰ ਵਰਗੇ।
ਆਓ ਕੁਰਬਾਨੀ ਕਰੋ, ਆਪਾ ਵਿਖਾਓ ਨਾਂਹ।
ਏਧਰ ਜਾਂ ਓਧਰ ਹੋ ਕੇ, ਫੁੱਟ ਹੋਰ ਪਾਓ ਨਾਂਹ।
ਰੱਲ ਬਿਠਾਓ ਸਗੋਂ, ਰੋਕ ਕੋਈ ਪਾਓ ਨਾਂਹ।
ਕਿਸੇ ਨੂੰ ਵੇਖ ਰਾਜ਼ੀ, ਖਿਚੜੀ ਪਕਾਓ ਨਾਂਹ।
ਫਰਕ ਮਿਟਾ ਕੇ ਸਾਰੇ, ਫੁੱਟ ਦਾ ਰੋਗ ਲ੍ਹਾਓ।
ਆਓ, ਕੁਝ ਸਿਆਣੇ ਬਣੋ, ਬੀਤੀ ਤੇ ਭੋਗ ਪਾਓ।
੯੧