ਬਰਸਾਤ ਦੀ ਇਕ ਹੋਰ ਝਾਕੀ। ਦੁਪਹਿਰ ਦਾ ਸਮਾਂ ਜਦ ਬਲਾ ਦੀ ਗਰਮੀ ਸੀ ਤੇ ਸੜਕਾਂ ਤੱਪ ਰਹੀਆਂ ਸਨ। ਕੁਛ ਦੇਰ ਬਾਅਦ ਕਣੀਆਂ ਆਈਆਂ, ਛੱਮ ਛੱਮ ਆਈਆਂ, ਨੱਚਦੀਆਂ ਅਲਾਪ ਕਰਦੀਆਂ। ਕਣ ਮਣ ਦੀ ਆਵਾਜ਼ ਕਿਸੇ ਸੁਰੀਲੇ ਗਲੇ ਦੇ ਅਲਾਪ ਵਾਂਗ ਮਧੁਰ ਮਧੁਰ ਲੱਗੀ। ਸੜਕਾਂ ਤੇ ਪੈਂਦਿਆਂ ਹੀ ਭੜਾਸ ਨਿਕਲਣ ਲਗ ਪਈ ਮਾਣੋ ਧੂਏਂ ਉੱਡਨੇ ਸ਼ੁਰੂ ਹੋ ਗਏ; ਐਓਂ ਪ੍ਰਤੀਤ ਹੋਵੇ ਜਿਵੇਂ ਕਿਸੇ ਦੇ ਦੁੱਖ ਉਸ ਦੇ ਸੀਨੇ ਵਿਚੋਂ ਭਾਪ ਦੀ ਸ਼ਕਲ ਵਿੱਚ ਬਾਹਰ ਆ ਰਹੇ ਹਨ।
ਅੱਗ ਤੇ ਪਾਣੀ ਦਾ ਕੋਈ ਮੇਲ ਨਹੀਂ ਪਰ ਕਿਸੇ ਪ੍ਰੇਮੀ ਦੇ ਰਸਤੇ ਵਿੱਚ ਔਕੜ ਬਣਨ ਲਈ ਬਿਲਕੁਲ ਅਜੋੜ ਚੀਜ਼ਾਂ ਵੀ ਕੱਠੀਆਂ ਹੋ ਸਕਦੀਆਂ ਹਨ। ਮੇਰੀ ਮਿਲਾਪ-ਚਾਹ ਨੂੰ ਇਸਤਰ੍ਹਾਂ ਭਾਸਿਆ ਜਿਵੇਂ ਅੱਗ ਤੇ ਪਾਣੀ ਦੋਵੇਂ ਮੇਰਾ ਰਸਤਾ ਰੋਕ ਖਲੋਤੇ ਹਨ ਅਤੇ ਮੈਨੂੰ ਅੱਗੇ ਵਧਨ ਤੋਂ ਰੋਕਦੇ ਹਨ। ਪਰ ਮੇਰੀ ਨੀਝ ਕਿਤੇ ਦੂਰ ਸੀ ਤੇ ਮੇਰੀਆਂ ਅੱਖਾਂ ਮੰਜ਼ਲ ਦੇ ਗਿਰਦ ਗਿਰਦ ਘੁੰਮਦੀਆਂ ਫਿਰਦੀਆਂ ਸਨ।
ਰਸਤੇ ਦੇ ਨਜ਼ਾਰੇ ਇਕ ਪਾਸੇ, ਪ੍ਰੀਯ-ਮਿਲਣ ਦੀ ਤਾਂਘ-ਭਰੇ ਅਤੇ ਰਸਤੇ ਦੀਆਂ ਔਕੜਾਂ ਦੂਜੇ ਪਾਸੇ, ਜਬਰ ਕਰਦੀਆਂ, ਵਿਛੋੜਾ ਪਾਂਦੀਆਂ–ਅਜੀਬ ਮੁਸੀਬਤ ਸੀ। ਮੇਰੇ ਦਿਲ ਦੇ ਤਾਰ ਸਾਰੇ ਛਿੜੇ ਹੋਏ ਤੇ ਉਨ੍ਹਾਂ ਵਿੱਚ ਆਸਾਂ, ਗੀਤ, ਮਸਤੀ ਤੇ ਉਡਾਰੀ। ਬਾਰਸ਼ ਯਤਨ ਕਰੋ ਕਿ ਮੈਨੂੰ ਰੋਕ ਲਵੋ ਪਰ ਮੈਂ ਕਿਵੇਂ ਰੁਕਾਂ? ਕਿਵੇਂ?
*
੯੬