ਸਮੱਗਰੀ 'ਤੇ ਜਾਓ

ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/15

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੱਚਾ ਮਿੱਤਰ ਰੱਬ ਹੈ। ਆਦਿ ਕਾਲ ਵਿੱਚ ਰੱਬ ਸੱਚੇ ਅਰਥਾਂ ਵਿੱਚ ਸਮਾਜ ਲਈ ਲਾਹੇਵੰਦ ਸੀ। ਔਖੀ ਘੜੀ ਵੇਲ਼ੇ ਰੱਬ ਦਾ ਵਿਚਾਰ ਬੰਦੇ ਲਈ ਮਦਦਗਾਰ ਹੁੰਦਾ ਹੈ।

ਸਮਾਜ ਨੇ ਜਿਵੇਂ ਬੁੱਤ ਪੂਜਾ ਤੇ ਧਰਮ ਦੇ ਤੰਗਨਜ਼ਰ ਸੰਕਲਪ ਵਿਰੁੱਧ ਲੜਾਈ ਲੜੀ ਸੀ, ਉਸੇ ਤਰ੍ਹਾਂ ਸਮਾਜ ਨੂੰ ਰੱਬ ਦੇ ਵਿਸ਼ਵਾਸ ਵਿਰੁੱਧ ਲੜਨਾ ਪੈਣਾ ਹੈ। ਇਸੇ ਤਰ੍ਹਾਂ ਬੰਦਾ ਜਦ ਆਪਣੇ ਪੈਰੀਂ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਯਥਾਰਥਵਾਦੀ ਹੋਣ ਲੱਗਾ ਤਾਂ ਉਹਨੂੰ ਰੱਬ ਦਾ ਵਿਸ਼ਵਾਸ ਲਾਂਭੇ ਸੁੱਟਣਾ ਪਏਗਾ ਅਤੇ ਹਰ ਮੁਸ਼ਕਲ, ਹਰ ਆਫ਼ਤ ਤੇ ਹਰ ਤਰ੍ਹਾਂ ਦੀ ਹਾਲਤ ਦਾ ਡਟ ਕੇ ਮੁਕਾਬਲਾ ਕਰਨਾ ਪਏਗਾ। ਇਸ ਵੇਲੇ ਮੇਰੀ ਹਾਲਤ ਬਿਲਕੁੱਲ ਇਹੀ ਹੈ। ਮੇਰੇ ਦੋਸਤੋ, ਮੇਰਾ ਇਹ ਕੋਈ ਅਹੰਕਾਰ ਨਹੀਂ ਹੈ। ਮੈਂ ਆਪਣੀ ਸੋਚਣ ਵਿਧੀ ਨਾਲ ਹੀ ਨਾਸਤਕ ਬਣਿਆ ਹਾਂ। ਮੇਰਾ ਖ਼ਿਆਲ ਨਹੀਂ ਕਿ ਰੱਬ ਵਿੱਚ ਵਿਸ਼ਵਾਸ ਕਰਨ ਨਾਲ ਤੇ ਹਰ ਰੋਜ਼ ਅਰਦਾਸ ਕਰਨ ਨਾਲ (ਜਿਹੜਾ ਕਿ ਮੈਂ ਮਨੁੱਖ ਦਾ ਸਭ ਤੋਂ ਵੱਧ ਖ਼ੁਦਗਰਜ਼ੀ ਕਰਨ ਵਾਲਾ ਤੇ ਘਟੀਆ ਕੰਮ ਸਮਝਦਾ ਹਾਂ) ਮੇਰਾ ਕੁੱਝ ਸੌਰ ਸਕਦਾ ਹੈ ਜਾਂ ਇਹਦੇ ਨਾਲ ਮੇਰੀ ਹਾਲਤ ਹੋਰ ਵੀ ਭੈੜੀ ਹੋ ਜਾਵੇਗੀ। ਮੈਂ ਉਨ੍ਹਾਂ ਨਾਸਤਿਕਾਂ ਬਾਰੇ ਪੜ੍ਹਿਆ ਹੈ, ਜਿਨ੍ਹਾਂ ਨੇ ਬਹੁਤ ਡਟ ਕੇ ਸਾਰੀਆਂ ਮੁਸ਼ਕਲਾਂ ਦਾ ਮੁਕਾਬਲਾ ਕੀਤਾ ਸੀ। ਇਸੇ ਲਈ ਮੈਂ ਅਖ਼ੀਰ ਤੱਕ ਫ਼ਾਂਸੀ ਦੇ ਤਖ਼ਤੇ ’ਤੇ ਵੀ, ਮਰਦ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਦੇਖੀਏ ਮੈਂ ਇਸ ਤੇ ਕਿੰਨਾ ਕੁ ਪੂਰਾ ਉੱਤਰਦਾ ਹਾਂ। ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ। ਜਦ ਮੈਂ ਉਸਨੂੰ ਦੱਸਿਆ ਕਿ ਮੈਂ ਤਾਂ ਨਾਸਤਿਕ ਹਾਂ, ਤਾਂ ਉਹ ਕਹਿਣ ਲੱਗਿਆ : “ਦੇਖੀਂ ਆਪਣੇ ਅਖ਼ੀਰੀ ਦਿਨਾਂ ’ਚ ਰੱਬ ਨੂੰ ਮੰਨਣ ਲੱਗ ਜਾਏਂਗਾ।” ਮੈਂ ਅੱਗੋਂ ਕਿਹਾ, ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ। ਇੰਜ ਕਰਨਾ ਮੇਰੇ ਲਈ ਬੜੀ ਘਟੀਆ ਤੇ ਪਸਤੀ ਵਾਲੀ ਗੱਲ ਹੋਵੇਗੀ। ਖ਼ੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ। ਪਾਠਕੋ ਤੇ ਦੋਸਤੋ, ਕੀ ਇਹ ਹਉਮੈਂ ਹੈ। ਜੇ ਇਹ ਹੈ ਤਾਂ ਮੈਂ ਇਸ ਲਈ ਦ੍ਰਿੜ੍ਹ ਹਾਂ।

-ਭਗਤ ਸਿੰਘ