ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/2

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਇਸ ਗੱਲ ਦੀ ਹੁਣ ਤੱਕ ਸਮਝ ਨਹੀਂ ਆਈ ਕਿ ਬੇਲੋੜਾ ਮਾਣ ਜਾਂ ਫੋਕਾ ਅਭਿਮਾਨ ਮਨੁੱਖ ਲਈ ਆਸਤਿਕਤਾ ਦੇ ਰਾਹ ਦਾ ਰੋੜਾ ਕਿਵੇਂ ਬਣ ਸਕਦੇ ਹਨ। ਮੈਂ ਕਿਸੇ ਸੱਚੀ-ਮੁੱਚੀ ਦੇ ਮਹਾਨ ਵਿਅਕਤੀ ਦੀ ਮਹਾਨਤਾ ਤੋਂ ਮੁਨਕਰ ਹੋ ਸਕਦਾ ਹਾਂ, ਬਸ਼ਰਤੇ ਕਿ ਮੈਨੂੰ ਐਵੇਂ ਰਾਹ ਜਾਂਦੇ ਹੀ ਸ਼ੁਹਰਤ ਹੱਥ ਲੱਗੀ ਹੋਵੇ ਜਾਂ ਮਹਾਨ ਹੋਣ ਲਈ ਸੱਚੀਮੁੱਚੀ ਲੋੜੀਂਦੇ ਗੁਣ ਹੀ ਮੇਰੇ ਵਿੱਚ ਨਾ ਹੋਣ। ਇਹ ਗੱਲ ਸਮਝ ਪੈਂਦੀ ਹੈ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਿਕ ਆਪਣੇ ਅਹੰਕਾਰ ਕਰਕੇ ਨਾਸਤਿਕ ਹੋ ਜਾਵੇ। ਸਿਰਫ਼ ਦੋ ਗੱਲਾਂ ਹੋ ਸਕਦੀਆਂ ਹਨ: ਜਾਂ ਤਾਂ ਮਨੁੱਖ ਖ਼ੁਦ ਨੂੰ ਖ਼ੁਦਾ ਦਾ ਰਕੀਬ ਸਮਝਣਾ ਸ਼ੁਰੂ ਕਰ ਦੇਵੇ ਜਾਂ ਫੇਰ ਖ਼ੁਦ ਹੀ ਖ਼ੁਦਾ ਬਣ ਬੈਠੇ। ਦੋਹਾਂ ਹਾਲਤਾਂ ਵਿੱਚ ਉਹ ਸਹੀ ਨਾਸਤਿਕ ਨਹੀਂ ਹੋ ਸਕਦਾ। ਪਹਿਲੀ ਸੂਰਤ ਵਿੱਚ ਉਹ ਰਕੀਬ ਦੀ ਹਾਲਤ ਤੋਂ ਮੁਨਕਰ ਨਹੀਂ ਹੁੰਦਾ। ਦੂਸਰੀ ਹਾਲਤ ਵਿੱਚ ਉਹ ਸੁਚੇਤ ਸੱਤ੍ਹਾ ਦੀ ਹੋਂਦ ਨੂੰ ਮੰਨਦਾ ਹੈ, ਜੋ ਪਰਦੇ ਪਿੱਛਿਉਂ ਸਾਰੀ ਪ੍ਰਕਿਰਤੀ ਨੂੰ ਚਲਾ ਰਹੀ ਹੈ। ਇਸਦੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਕਿ ਉਹ ਖ਼ੁਦ ਨੂੰ ਖ਼ੁਦਾ ਸਮਝਦਾ ਹੈ ਜਾਂ ਖ਼ੁਦਾ ਨੂੰ ਖ਼ੁਦ ਤੋਂ ਅਲੱਗ ਕੋਈ ਪਰਮ ਸੱਤ੍ਹਾ ਮੰਨਦਾ ਹੈ। ਅਸਲ ਨੁਕਤਾ ਇਹ ਹੈ। ਦੋਹਾਂ ਹਾਲਤਾਂ ਵਿੱਚ ਉਸਦਾ ਰੱਬ ਵਿੱਚ ਵਿਸ਼ਵਾਸ ਕਾਇਮ ਰਹਿੰਦਾ ਹੈ। ਉਹ ਕਿਸੇ ਵੀ ਤਰ੍ਹਾਂ ਨਾਸਤਿਕ ਨਹੀਂ। ਇਹੋ ਮੈਂ ਆਖਣਾ ਚਾਹੁੰਦਾ ਹੈ। ਮੈਂ ਉਪਰਲੀਆਂ ਦੋਹਾਂ ਕਿਸਮਾਂ ਵਿੱਚ ਨਹੀਂ ਆਉਂਦਾ। ਮੈਂ ਤਾਂ ਕਿਸੇ ਵੀ ਸਰਵ ਸ਼ਕਤੀਮਾਨ ਜਾਂ ਸਰਵੋਪਰੀ ਸੱਤ੍ਹਾ ਦੀ ਹੋਂਦ ਤੋਂ ਮੂਲੋਂ ਹੀ ਇਨਕਾਰੀ ਹਾਂ। ਇੰਝ ਕਿਉਂ ਹੈ, ਮੈਂ ਇਹਦੇ ਬਾਰੇ ਅੱਗੇ ਚੱਲ ਕੇ ਵਿਚਾਰ-ਚਰਚਾ ਕਰਾਂਗਾ। ਇੱਥੇ ਮੈਂ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਅਹੰਕਾਰ ਕਰਕੇ ਨਾਸਤਿਕਤਾ ਦੇ ਸਿਧਾਂਤ ਦਾ ਧਾਰਨੀ ਨਹੀਂ ਹੋਇਆ। ਨਾ ਤਾਂ ਮੈਂ ਖ਼ੁਦਾ ਦਾ ਰਕੀਬ ਹਾਂ, ਨਾ ਕੋਈ ਰੱਬੀ ਅਵਤਾਰ ਤੇ ਨਾ ਹੀ ਆਪ ਪ੍ਰਮਾਤਮਾ ਹਾਂ। ਇੱਕ ਗੱਲ ਤਾਂ ਪੱਕੀ ਹੈ ਕਿ ਅਹੰਕਾਰ ਕਾਰਨ ਮੈਂ ਇਹ ਸੋਚਣੀ ਨਹੀਂ ਅਪਣਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦਾ ਹਾਂ। ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬੰਬ ਤੇ ਲਾਹੌਰ ਸਾਜ਼ਿਸ਼ ਕੇਸਾਂ ਦੌਰਾਨ ਮੈਨੂੰ ਬੜੀ ਬੇਲੋੜੀ ਸ਼ੁਹਰਤ ਮਿਲੀ, ਉਸ ਕਾਰਨ ਮੇਰੇ ਵਿੱਚ ਫੋਕੀ ਸ਼ਾਨ ਆ ਗਈ। ਆਓ, ਆਪਾਂ ਦੇਖੀਏ ਕਿ ਉਨ੍ਹਾਂ ਦੇ ਕਥਨ ਕਿੱਥੋਂ ਤੱਕ ਠੀਕ ਹਨ। ਪਿੱਛੋਂ ਜਿਹੇ ਵਾਪਰੀਆਂ ਘਟਨਾਵਾਂ ਕਾਰਨ ਮੈਂ ਨਾਸਤਿਕ ਨਹੀਂ ਹੋਇਆ, ਮੈਂ ਤਾਂ ਉਦੋਂ ਹੀ ਰੱਬ ਨੂੰ ਮੰਨਣੋਂ ਹਟ ਗਿਆ ਸੀ, ਜਦ ਮੈਂ ਨਾਮਾਲੂਮ ਨੌਜਵਾਨ ਸੀ, ਜਦ ਮੇਰੇ ਉਪਰੋਕਤ ਦੋਸਤ ਰੱਬ ਦੀ ਹੋਂਦ ਤੋਂ ਸੁਚੇਤ ਵੀ ਨਹੀਂ ਸਨ। ਘੱਟੋ-ਘੱਟ ਕਾਲਜ ਦਾ ਕੋਈ ਵਿਦਿਆਰਥੀ ਏਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਿਕ ਹੋ ਜਾਵੇ। ਭਾਵੇਂ ਕੁਝ ਪ੍ਰੋਫ਼ੈਸਰ ਮੈਨੂੰ ਪਸੰਦ ਕਰਦੇ ਸਨ ਤੇ ਕੁਝ ਨਾ ਪਸੰਦ, ਪਰ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਸੀ। ਮੈਂ ਬਹੁਤ ਸੰਗਾਊ ਸੁਭਾਅ ਵਾਲਾ ਤੇ ਭਵਿੱਖ ਬਾਰੇ ਉਲਝਿਆ ਰਹਿਣ ਵਾਲਾ ਮੁੰਡਾ ਸੀ ਤੇ ਉਹਨਾਂ ਦਿਨਾਂ ਵਿੱਚ ਮੈਂ ਪੂਰਾ ਨਾਸਤਿਕ ਨਹੀਂ ਸੀ। ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ