ਸਮੱਗਰੀ 'ਤੇ ਜਾਓ

ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/4

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁੱਝ ਹੋ ਸਕਦਾ ਹੈ, ਪਰ ਨਾਸਤਿਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ.ਏ.ਵੀ. ਸਕੂਲ ਵਿੱਚ ਦਾਖ਼ਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਵਿੱਚ ਪੂਰਾ ਇੱਕ ਸਾਲ ਰਿਹਾ। ਉੱਥੇ ਸਵੇਰ ਅਤੇ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ-ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿੱਚ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ਼ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਅਜ਼ਾਦੀ ਦੇ ਆਦਰਸ਼ ਨੂੰ ਅਰਪੀ। ਪਰ ਉਹ ਨਾਸਤਿਕ ਨਹੀਂ ਸਨ। ਉਨ੍ਹਾਂ ਦਾ ਰੱਬ ਇੱਕ ਪੱਕਾ ਅਕੀਦਾ ਸੀ, ਮੈਨੂੰ ਉਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ ਮੇਰੀ ਪਰਵਰਸ਼ ਇਸ ਢੰਗ ਨਾਲ ਹੋਈ। ਨਾ ਮਿਲਵਰਤਨ ਦੇ ਦਿਨਾਂ ਵਿੱਚ ਮੈਂ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਿਆ। ਉੱਥੇ ਹੀ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਇੱਥੋਂ ਤੱਕ ਕਿ ਰੱਬ ਬਾਰੇ ਵੀ ਖੁੱਲ੍ਹੇ ਤੌਰ 'ਤੇ ਸੋਚਣਾ ਤੇ ਇਨ੍ਹਾਂ ਬਾਰੇ ਵਿਚਾਰ-ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰਾ ਉਦੋਂ ਵੀ ਰੱਬ ਵਿੱਚ ਪੱਕਾ ਵਿਸ਼ਵਾਸ ਸੀ। ਉਦੋਂ ਮੈਂ ਦਾੜ੍ਹੀ-ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿੱਚ ਵਿਸ਼ਵਾਸ ਨਾ ਕਰ ਸਕਿਆ ਪਰ ਰੱਬ ਦੀ ਹੋਂਦ ਵਿੱਚ ਮੇਰਾ ਪੱਕਾ ਵਿਸ਼ਵਾਸ ਸੀ।

ਫੇਰ ਮੈਂ ਇਨਕਲਾਬੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਮੈਂ ਜਿਸ ਪਹਿਲੇ ਆਗੂ ਨੂੰ ਮਿਲਿਆ, ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਹੌਂਸਲਾ ਤੱਕ ਨਹੀਂ ਕਰ ਸਕਦਾ ਸੀ, ਭਾਵੇਂ ਉਹ ਇਹਦੇ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਸੀ। ਮੈਂ ਉਹਦੇ ਕੋਲੋਂ ਰੱਬ ਬਾਰੇ ਪੁੱਛਣਾ ਤਾਂ ਉਹਨੇ ਆਖ ਛੱਡਣਾਂ : “ਜਦ ਤੇਰਾ ਦਿਲ ਕਰੇ, ਰੱਬ ਨੂੰ ਧਿਆ ਲਿਆ ਕਰ।” ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਂਸਲਾ ਚਾਹੀਦਾ ਹੈ, ਇਹ ਉਹ ਹੌਂਸਲੇ ਤੋਂ ਬਿਨਾਂ ਨਾਸਤਿਕਤਾ ਹੈ। ਮੈਂ ਜਿਸ ਦੂਜੇ ਆਗੂ ਨੂੰ ਮਿਲਿਆ, ਉਹਦਾ ਰੱਬ ਵਿੱਚ ਪੱਕਾ ਵਿਸ਼ਵਾਸ ਸੀ। ਮੈਂ ਤੁਹਾਨੂੰ ਉਹਦਾ ਨਾਂ ਦੱਸਦਾਂ-ਮਾਨਯੋਗ ਕਾਮਰੇਡ ਸਚੀਂਦਰ ਨਾਥ ਸਾਨਿਆਲ, ਜੋ ਹੁਣ ਕਰਾਚੀ ਸਾਜ਼ਿਸ਼ ਕੇਸ ਦੇ ਸੰਬੰਧ ਵਿੱਚ ਉਮਰ ਕੈਦ ਭੁਗਤ ਰਹੇ ਹਨ। ਉਨ੍ਹਾਂ ਦੀ ਇੱਕੋ-ਇੱਕ ਤੇ ਪ੍ਰਸਿੱਧ ਕਿਤਾਬ ‘ਬੰਦੀ ਜੀਵਨ’ ਵਿੱਚ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਗਾਈ ਗਈ ਹੈ। ਇਸ ਖ਼ੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖ਼ਰੀ ਸਫ਼ੇ ਵਿੱਚ ਉਹਨਾਂ ਦੇ ਵੇਦਾਂਤਵਾਦ ਕਾਰਨ ਰੱਬ ਦੀ ਅਧਿਆਤਮਕ ਮਹਿਮਾ ਉਨ੍ਹਾਂ ਦੇ ਵਿਚਾਰਾਂ ਦਾ ਸਾਰ ਹੈ। ਇਸਤਗਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੋਸਤਾਨ ਵਿੱਚ ਵੰਡਿਆ ਗਿਆ ਸੀ, ਉਹ ਇਨ੍ਹਾਂ ਦੇ ਦਿਮਾਗ਼ ਦਾ ਸਿੱਟਾ ਸੀ। ਜਿਵੇਂ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿੱਚ ਕੋਈ ਉੱਘਾ ਆਗੂ ਵਿਚਾਰ ਪ੍ਰਗਟਾਉਂਦਾ ਹੈ, ਜੋ ਕਿ ਉਹਨੂੰ ਬੜੇ ਪਿਆਰੇ ਹੁੰਦੇ ਹਨ ਅਤੇ ਦੂਜੇ ਕਾਰਕੁੰਨਾਂ ਨੂੰ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਵਿਚਾਰਾਂ ਨਾਲ਼ ਸਹਿਮਤੀ