ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਫਾਂਸੀ ਦਾ ਫ਼ੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਿਕ ਸ਼ਬਦਾਵਲੀ ਵਿੱਚ ਆਖੀਏ ਤਾਂ ਮੇਰੀ ਆਤਮਾ ਦਾ ਬਿਲਕੁੱਲ ਖ਼ਾਤਮਾ ਹੋ ਜਾਏਗਾ। ਇਸ ਪਲ ਮਗਰੋਂ ਕੁੱਝ ਵੀ ਨਹੀਂ ਹੋਏਗਾ। ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿੱਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁੱਝ ਨਹੀਂ ਹੁਣ ਜਾਂ ਕਦੇ ਵੀ ਕੁੱਝ ਹਾਸਲ ਕਰ ਸਕਣ ਦੀ ਕਿਸੇ ਵੀ ਖ਼ੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਅਜ਼ਾਦੀ ਦੇ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਜ਼ਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ ’ਤੇ ਜੀਵਨ ਨਹੀਂ ਲਗਾ ਸਕਦੇ। ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਜਾਂ ਮੌਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਅਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ ਪਰ ਇੱਕੋ-ਇੱਕ ਸ਼ਾਨਦਾਰ ਮਾਰਗ ਉੱਤੇ ਚੱਲਣਗੇ। ਕੀ ਆਪਣੇ ਸੱਚੇ ਆਦਰਸ਼ ਵਿੱਚ ਉਨ੍ਹਾਂ ਦੇ ਮਾਣ ਨੂੰ ਅਹੰਕਾਰ ਕਿਹਾ ਜਾ ਸਕਦਾ ਹੈ ? ਇਹੋ ਜਿਹੀ ਘ੍ਰਿਣਤ ਬਿਆਨੀ ਕਰਨ ਦੀ ਕੌਣ ਜੁਅੱਰਤ ਕਰ ਸਕਦਾ ਹੈ ? ਇਹੋ ਜਿਹੇ ਬੰਦੇ ਨੂੰ ਮੈਂ ਮੂਰਖ ਜਾਂ ਪਾਖੰਡੀ ਆਖਾਂਗਾ। ਚਲੋ ਆਪਾਂ ਇਸ ਨੂੰ ਮੁਆਫ਼ ਕਰ ਦਿੰਦੇ ਹਾਂ, ਕਿਉਂਕਿ ਉਹ ਸੁੱਚੇ ਆਦਰਸ਼ ਵਾਲ਼ੇ ਦਿਲ ਦੇ ਜਜ਼ਬੇ, ਭਾਵਨਾ ਤੇ ਅਹਿਸਾਸ ਨੂੰ ਜਾਣ ਨਹੀਂ ਸਕਦਾ। ਉਹਦਾ ਦਿਲ ਮਾਸ ਦਾ ਬੇਜਾਨ ਲੋਥੜਾ ਹੈ। ਉਹਦੀ ਦ੍ਰਿਸ਼ਟੀ ਕਮਜ਼ੋਰ ਹੈ, ਕਿਉਂਕਿ ਹੋਰ ਗਰਜ਼ਾਂ ਦੀਆਂ ਬੁਰਾਈਆਂ ਦਾ ਉਨ੍ਹਾਂ ਉੱਤੇ ਪਰਦਾ ਪਿਆ ਹੋਇਆ ਹੈ। ਸਵੈ-ਵਿਸ਼ਵਾਸ ਨੂੰ ਅਹੰਕਾਰ ਸਮਝਿਆ ਜਾ ਸਕਦਾ ਹੈ ਇਹ ਅਫ਼ਸੋਸਨਾਕ ਤੇ ਤਰਸਯੋਗ ਗੱਲ ਹੈ, ਪਰ ਇਹਦਾ ਕੋਈ ਚਾਰਾ ਨਹੀਂ।

ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਵਿਰੋਧ ਕਰਕੇ ਦੇਖ ਲਓ, ਤੁਸੀਂ ਨਿਹਕਲੰਕ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ, ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰਕੇ ਦੇਖ ਲਓ ਤਾਂ ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘੁਮੰਡੀ ਜਾਂ ਅਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਹਦਾ ਕਾਰਨ ਮਾਨਸਿਕ ਖ਼ੜ੍ਹੋਤ ਹੈ। ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ। ਕਿਉਂਕਿ ਮਹਾਤਮਾ ਜੀ ਮਹਾਨ ਹਨ, ਇਸ ਲਈ ਕੋਈ ਉਹਨਾਂ ਦੀ ਆਲੋਚਨਾ ਨਾ ਕਰੇ, ਕਿਉਂਕਿ ਉਹ ਉੱਪਰ ਉੱਠ ਚੁੱਕੇ ਹਨ। ਇਸ ਲਈ ਉਹ ਰਾਜਨੀਤੀ ਜਾਂ ਧਰਮ, ਆਰਥਿਕਤਾ ਜਾਂ ਸਦਾਚਾਰ ਬਾਰੇ ਕੁੱਝ ਵੀ ਕਹਿੰਦੇ ਹਨ ਤਾਂ ਸਹੀ ਹੁੰਦਾ ਹੈ। ਤੁਸੀਂ ਮੰਨਦੇ ਹੋ ਭਾਵੇਂ ਨਹੀਂ ਮੰਨਦੇ, ਤੁਹਾਨੂੰ ਇਹ ਜ਼ਰੂਰ