ਪੰਨਾ:ਮੈਂ ਨਾਸਤਿਕ ਕਿਉਂ ਹਾਂ? – ਭਗਤ ਸਿੰਘ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਬ ਦੀ ਪ੍ਰਭੂ ਸੱਤ੍ਹਾ ਨੂੰ ਵੰਗਾਰਿਆ ਸੀ। ਇਹਨਾਂ ਸਾਰੇ ਮੱਤਾਂ ਵਿੱਚ ਬੁਨਿਆਦੀ ਸਵਾਲ ਬਾਰੇ ਮੱਤਭੇਦ ਹਨ ਅਤੇ ਹਰ ਕੋਈ ਆਪਣੇ ਆਪ ਨੂੰ ਦਰੁੱਸਤ ਮੰਨਦਾ ਹੈ। ਇਹੋ ਸਾਰੀ ਬੁਰਾਈ ਹੈ ਪੁਰਾਣੇ ਵਿਦਵਾਨਾਂ ਦੇ ਵਿਚਾਰਾਂ ਅਤੇ ਤਜ਼ਰਬਿਆਂ ਨੂੰ ਅਗਿਆਨਤਾ ਵਿਰੁੱਧ ਸਾਡੀ ਆਉਣ ਵਾਲੀ ਜੱਦੋ-ਜਹਿਦ ਦਾ ਆਧਾਰ ਬਣਾਉਣ ਤੇ ਇਸ ਭੇਦ ਭਰੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਥਾਂ ਅਸੀਂ ਸੁਸਤ, ਨਿਕੰਮੇ, ਕੱਟੜ ਧਰਮ ਦੀ ਹਾਲ ਦੁਹਾਈ ਪਾਉਣ ਲੱਗ ਜਾਂਦੇ ਹਾਂ ਅਤੇ ਇੰਜ ਮਨੁੱਖੀ ਜਾਗ੍ਰਤੀ ਵਿੱਚ ਆਈ ਖੜ੍ਹੋਤ ਦੇ ਕਸੂਰਵਾਰ ਹਾਂ।

ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ ਅਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚੱਲਿਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ। ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫ਼ਲਸਫ਼ੇ ਵਿੱਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਹ ਵਿਸ਼ਵਾਸ ਸਰਾਹੁਣਯੋਗ ਹੈ। ਉਹਦੀ ਦਲੀਲ ਗ਼ਲਤ ਜਾਂ ਉੱਕਾ ਹੀ ਬੇਬੁਨਿਆਦ ਹੋ ਸਕਦੀ ਹੈ। ਪਰ ਉਹਨੂੰ ਦਰੁੱਸਤ ਰਾਹ ਉੱਤੇ ਲਿਆਂਦਾ ਜਾ ਸਕਦਾ ਹੈ, ਕਿਉਂਕਿ ਤਰਕਸ਼ੀਲਤਾ ਉਹਦੀ ਜ਼ਿੰਦਗੀ ਦਾ ਧਰੂ-ਤਾਰਾ ਹੁੰਦੀ ਹੈ। ਪਰ ਨਿਰਾ ਵਿਸ਼ਵਾਸ ਅਤੇ ਅੰਨ੍ਹਾਂ ਵਿਸ਼ਵਾਸ ਖ਼ਤਰਨਾਕ ਹੁੰਦਾ ਹੈ। ਇਹ ਦਿਮਾਗ਼ ਨੂੰ ਕੁੰਦ ਬਣਾਉਂਦਾ ਹੈ ਤੇ ਬੰਦੇ ਨੂੰ ਪ੍ਰਤੀਗਾਮੀ (ਪਿਛਾਂਹ-ਖਿੱਚੂ) ਬਣਾ ਦਿੰਦਾ ਹੈ। ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ੍ਹ ਸਕੇ ਤਾਂ ਇਹ ਢਹਿ-ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫ਼ਲਸਫ਼ੇ ਲਈ ਜ਼ਮੀਨ ਤਿਆਰ ਕਰਨਾ ਹੋਵੇਗਾ। ਇਹ ਨਕਾਰਾਤਮਕ ਪੱਖ ਹੈ। ਇਸ ਤੋਂ ਮਗਰੋਂ ਸਕਾਰਾਤਮਕ ਕੰਮ ਸ਼ੁਰੂ ਹੁੰਦਾ ਹੈ, ਜਿਸ ਵਿੱਚ ਕਈ ਪੁਰਾਣੇ ਵਿਸ਼ਵਾਸ ਦੀ ਕੁੱਝ ਸਮੱਗਰੀ ਮੁੜ ਉਸਾਰੀ ਲਈ ਵਰਤੀ ਜਾ ਸਕਦੀ ਹੈ। ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਂ ਇਹ ਤਸਲੀਮ ਕਰਦਾ ਹਾਂ ਕਿ ਇਸ ਬਾਰੇ ਬਹੁਤਾ ਅਧਿਐਨ ਨਹੀਂ ਕਰ ਸਕਿਆ। ਏਸ਼ੀਆਈ ਫ਼ਲਸਫ਼ੇ ਨੂੰ ਪੜ੍ਹਨ ਦੀ ਮੇਰੀ ਵੱਡੀ ਰੀਝ ਸੀ, ਪਰ ਮੈਨੂੰ ਇਸ ਦਾ ਵਕਤ ਜਾਂ ਮੌਕਾ ਨਹੀਂ ਮਿਲ ਸਕਿਆ। ਪਰ ਜਿੱਥੋਂ ਤੱਕ ਨਕਾਰਾਤਮਕ ਪੱਖ ਦਾ ਸਬੰਧ ਹੈ ਮੈਨੂੰ ਇੱਥੋਂ ਤੱਕ ਯਕੀਨ ਹੈ ਕਿ ਮੈਂ ਪੁਰਾਤਨ ਵਿਸ਼ਵਾਸ ਦੀ ਪੁਖ਼ਤਗੀ ਉੱਤੇ ਕਿੰਤੂ ਕਰ ਸਕਦਾ ਹਾਂ। (ਮੈਨੂੰ ਪੱਕਾ ਯਕੀਨ ਹੈ ਕਿ ਕੁਦਰਤ ਨੂੰ ਚਲਾਉਣ ਵਾਲਾ ਕੋਈ ਪਰਮਾਤਮਾ ਜਾਂ ਸੁਚੇਤ-ਸੱਤ੍ਹਾ ਨਹੀਂ ਹੈ ਸਾਡਾ ਕੁਦਰਤ ਵਿੱਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉੱਤੇ ਆਪਣੀ ਸੇਵਾ ਵਾਸਤੇ ਗ਼ਲਬਾ ਪਾਉਣਾ ਹੈ, ਇਹਦੇ ਪਿੱਛੋਂ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ ਹੈ। ਇਹ ਸਾਡਾ ਫ਼ਲਸਫ਼ਾ ਹੈ।

ਨਕਾਰਾਤਮਕ ਪੱਖ ਤੋਂ ਅਸੀਂ ਆਸਤਿਕਾਂ ਤੋਂ ਕੁੱਝ ਸਵਾਲ ਪੁੱਛਦੇ ਹਾਂ :