ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਦੇ ਪਿਤਾ ਸਰਕਾਰੀ ਨੌਕਰੀ ਦੀ ਮਜਬੂਰੀ ਕਰਕੇ ਹਰੀਪੁਰ ਹੀ ਰਹੇ। ਦਸਵੀਂ ਦਾ ਇਮਤਿਹਾਨ ੧੪ ਸਾਲ ਦੀ ਉਮਰ (੧੮੯੫ ਈ:) ਵਿਚ ਪਾਸ ਕੀਤਾ। ਫਿਰ ੧੮੯੬ ਈ: ਵਿਚ ਆਪ ਡੀ. ਏ. ਵੀ. ਕਾਲਜ ਲਾਹੌਰ ਵਿਚ ਦਾਖਲ ਹੋਏ।

ਕਾਲਜ ਵਿਚ ਹਾਲੀਂ ਪੂਰਨ ਸਿੰਘ ਬੀ. ਏ. ਦੀ ਪੜ੍ਹਾਈ ਕਰ ਰਹੇ ਸਨ ਕਿ ਰਾਵਲਪਿੰਡੀ ਦੀ ਆਹਲੂਵਾਲੀਆ ਬਰਾਦਰੀ ਦੇ ਸਬ ਤੋਂ ਹੋਣਹਾਰ ਨੌਜਵਾਨ ਹੋਣ ਕਰਕੇ, ਆਪ ਨੂੰ ਬਰਾਦਰੀ ਦੀ ਤਰਫੂੰ ਜਾਪਾਨ ਪੜ੍ਹਾਈ ਕਰਨ ਲਈ ਚੁਣਿਆ ਗਿਆ। ਜਾਪਾਨ ਜਾਵਨ ਦੇ ਖਿਆਲ ਨਾਲ ਆਪ ਦਾ ਹਿਰਦਾ ਉਛਾਲੇ ਮਾਰਨ ਲਗ ਪਿਆ। ਇਸ ਲਈ ਬੀ. ਏ. ਦੀ ਪੜ੍ਹਾਈ ਅਧੂਰੀ ਛੱਡ ਕੇ ੧੯ ਸਾਲ ਦੀ ਆਯੂ (੧੯੦੦ ਈ:) ਵਿਚ ਜਾਪਾਨ ਲਈ ਤਿਆਰੀ ਕਰ ਲੀਤੀ। ਆਪ ਨਾਲ ਬ੍ਰਾਦਰੀ ਦੇ ਇਕ ਹੋਰ ਨੌਜਵਾਨ ਸ: ਦਾਮੋਦਰ ਸਿੰਘ ਵੀ ਤਿਆਰ ਹੋ ਪਏ।

ਪੂਰਨ ਸਿੰਘ ਜਾਪਾਨ ੩ ਸਾਲ (੧੯੦੦-੧੯੦੩ ਈ:) ਰਹੇ। ਇਥੇ ਆਪ ਨੇ ਜਾਪਾਨੀ ਤੇ ਜਰਮਨ ਜ਼ਬਾਨਾਂ ਸਿਖੀਆਂ। ਫਾਰਮਾਸਿਊਟੀਕਲ ਕੈਮਿਸਟਰੀ ਆਪ ਦਾ ਖਾਸ ਮਜ਼ਮੂਨ ਸੀ ਜਿਸਦੀ ਸਿਖਯਾ ਡਾਕਟਰ ਨਾਗਾਈ ਕੋਲੋਂ ਲੀਤੀ, ਜੋ ਕਿ ਇਮਪੀਰੀਯਲ ਯੂਨੀਵਰਸਟੀ ਔਫ਼ ਟੋਕੀਓ ਵਿਚ ਕੈਮਿਸਟਰੀ ਦਾ ਵਡਾ ਪਰੋਫੈਸਰ ਸੀ।

ਪੜ੍ਹਾਈ ਤੋਂ ਇਲਾਵਾ ਆਪ ਓਰੀਐਂਟਲ ਐਸੋਸੀਏਸ਼ਨ (Oriental Association) ਵਿਚ ਬੜਾ ਹਿੱਸਾ ਲੈਂਦੇ ਸਨ।