ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੦

ਫਰਦ ਜੁਰਮ ਇਉਂ ਸੀ :————

"੧੭ ਜਨਵਰੀ ੧੮੮੮———ਹੋਟਲ ਮੌਰੀਟੇਨੀਆ ਦੇ ਮਾਲਕ ਨੇ ਪੋਲੀਸ ਵਿੱਚ ਇਤਲਾਹ ਦਿੱਤੀ ਕਿ ਉਹਦੇ ਹੋਟਲ ਵਿੱਚ ਥੈਰਾਪੋਂਟ ਸਮੈਲਕੋਵ ਇਕ ਦੂਸਰੀ ਗਿਲਡ ਦਾ ਸੌਦਾਗਰ ਜਿਹੜਾ ਸਾਏਬੇਰੀਆ ਥੀਂ ਆਇਆ ਸੀ ਅਚਣਚੇਤ ਮਰ ਗਇਆ ਹੈ।

"ਮੁਕਾਮੀ ਚੌਥੇ ਜ਼ਿਲੇ ਦੇ ਪੋਲੀਸ ਦੇ ਡਾਕਟਰ ਨੇ ਸਾਰਟੀਫੀਕੇਟ ਦਿੱਤਾ "ਉਹਦੀ ਮੌਤ ਦਿਲ ਦੇ ਫਟ ਜਾਣ ਕਰਕੇ ਹੋਈ ਹੈ । ਇਹਦਾ ਕਾਰਨ ਅਤਿ ਦੀ ਸ਼ਰਾਬਨੋਸ਼ੀ ਸੀ ।' ਉਸ ਸਮੈਲਕੋਵ ਦੀ ਮੌਤ ਦੇ ਚੌਥੇ ਦਿਨ ਪਿੱਛੇ ਉਹਦਾ ਹਮ ਸ਼ਹਿਰੀ ਤੇ ਸਾਬੀ ਸਾਈਬੇਰੀਆ ਦਾ ਸੌਦਾਗਰ ਤਿਮੋਖਿਨ ਪੀਟਰਜ਼ਬਰਗ ਥੀਂ ਜਦ ਵਾਪਸ ਆਇਆ ਤੇ ਆਪਣੇ ਸੰਗੀ ਦੀ ਮੌਤ ਦੀ ਖਬਰ ਸੁਣੀ ਤੇ ਨਾਲੇ ਸਾਰੇ ਅੱਗੇ ਪਿੱਛੇ ਮੌਕੇ ਦੇ ਵਾਕਿਆਤ ਤੇ ਹਾਲ ਸੁਣੇ, ਤਦ ਓਸ ਆਪਣਾ ਸ਼ਕ ਪ੍ਰਗਟ ਕੀਤਾ ਕਿ ਸਮੈਲਕੋਵ ਆਪਣੀ ਮੌਤ ਨਹੀਂ ਮੋਇਆ, ਉਹ ਮਾਰਿਆ ਗਇਆ ਹੈ, ਤੇ ਤਲੇ ਦੱਸੇ ਬੰਦਿਆਂ ਨੇ ਉਹਨੂੰ ਜਹਿਰ ਦੇਕੇ ਮਾਰਿਆ ਹੈ । ਇਨ੍ਹਾਂ ਬੰਦਿਆਂ ਨੇ ਉਹਦਾ ਮਾਲਮਤਾਹ ਤੇ ਨਕਦੀ ਪਹਿਲਾਂ ਹੀ ਚੋਰੀ ਕਰ ਲੀਤੇ ਸਨ।