ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਕਤ ਦੀ ਵੰਡ ਇਉਂ ਕੀਤੀ ਹੋਈ ਸੀ । ਵੱਡੇ ਤੜਕੇ ਜਾਗਦਾ ਸੀ, ਕਦੀ ਤਿੰਨ ਵਜੇ ਸਵੇਰੇ ਵੀ । ਤੇ ਸਵੇਰੇ ਸਾਰ ਕੁਹਰ ਵਿੱਚ ਦੀ ਜਾਂਦਾ ਪਹਾੜੀ ਦੇ ਹੇਠਾਂ ਵਗਦੀ ਨਦੀ ਵਿਚ ਜਮ ਕੇ ਇਸ਼ਨਾਨ ਕਰਦਾ ਸੀ, ਤੇ ਫੁੱਲਾਂ ਤੇ ਘਾਹਾਂ ਉੱਪਰ ਤ੍ਰੇਲ ਪਈ ਹੀ ਹਾਲੇ ਹੁੰਦੀ ਸੀ ਕਿ ਉਹ ਆਪਣੇ ਘਰ ਮੁੜ ਕੇ ਆ ਵੀ ਜਾਂਦਾ ਸੀ । ਬਾਹਜੇ ਬਾਹਜੇ ਦਿਨ ਤਾਂ ਉਹ ਆਪਣੀ ਕਾਫ਼ੀ ਪੀਕੇ ਉਹ ਮਸ਼ਵਰਾ ਦੇਣ ਵਾਲੀਆਂ ਕਿਤਾਬਾਂ ਨੂੰ ਤੇ ਕਾਗਜ਼ ਲੈ ਕੇ ਬਹਿ ਜਾਂਦਾ ਸੀ ਤੇ ਆਪਣੇ ਲੇਖ ਲਈ ਕੰਮ ਕਰਨ ਲੱਗ ਪੈਂਦਾ ਸੀ। ਪਰ ਅਕਸਰ ਕਾਫ਼ੀ ਪੀ ਕੇ ਲਿਖਣ ਪੜ੍ਹਨ ਦੀ ਥਾਂ ਉਹ ਘਰੋਂ ਬਾਹਰ ਵਗ ਜਾਂਦਾ ਸੀ ਤੇ ਵਾਹਣਾਂ, ਬੇਲਿਆਂ ਤੇ ਜੰਗਲਾਂ ਵਿੱਚ ਫਿਰਦਾ ਰਹਿੰਦਾ ਸੀ। ਰੋਟੀ ਖਾਣ ਥੀਂ ਪਹਿਲਾਂ ਬਾਗ ਵਿੱਚ ਕਿਧਰੇ ਲੇਟ ਜਾਂਦਾ ਸੀ ਤੇ ਇਕ ਠਮਕਾ ਵੀ ਲੈ ਲੈਂਦਾ ਸੀ । ਰੋਟੀ ਖਾਣ ਵੇਲੇ ਓਹ ਆਪਣੀ ਚੜ੍ਹੀ ਉੱਡਦੀ ਤੇ ਖੁਸ਼ ਤਬੀਅਤ ਕਰਕੇ ਸਭ ਨੂੰ ਬੜਾ ਹਸਾਉਂਦਾ ਤੇ ਖੁਸ਼ ਕਰਦਾ ਸੀ ਫਿਰ ਘੋੜੇ ਦੀ ਸਵਾਰੀ ਕਰਨ ਟੁਰ ਜਾਂਦਾ ਸੀ, ਯਾ ਦਰਯਾ ਉੱਪਰ ਕਿਸ਼ਤੀ ਚਲਾਣ ਚਲਾ ਜਾਂਦਾ ਸੀ । ਸ਼ਾਮ ਵੇਲੇ ਬੈਠ ਕੇ ਪੜ੍ਹਦਾ ਯਾ ਆਪਣੀਆਂ ਫੁੱਫੀਆਂ ਨਾਲ ਪੇਸ਼ੰਸ ਦੀ ਖੇਡ ਤਾਸ਼ ਖੇਡਦਾ ਸੀ ।

ਕਈ ਰਾਤਾਂ, ਖਾਸ ਕਰ ਚਾਨਣੀਆਂ ਰਾਤਾਂ ਓਹ ਨਹੀਂ ਸੀ ਸੌਂ ਸਕਦਾ । ਓਹਦਾ ਦਿਲ ਜੁ ਜੀਵਨ ਦੇ ਰਸ ਤੇ ਭਗਤੀ ਨਾਲ ਭਰਿਆ ਪਇਆ ਸੀ । ਸੈਣ ਦੀ ਥਾਂ ਕਈ ਰਾਤਾਂ ਬਾਗ ਵਿੱਚ ਟਹਿਲਦਿਆਂ, ਆਪਣੇ ਖਿਆਲਾਂ ਤੇ ਸੁਫਨਿਆਂ ਵਿੱਚ ਦੀ ਤਾਰੀਆਂ ਲੈਂਦਿਆਂ ਸੂਰਜ ਚਾਹੜ ਦਿੰਦਾ ਸੀ।

ਤੇ ਇਉਂ ਓਸਨੇ ਖ਼ੁਸ਼ਬਖੁਸ਼ ਤੇ ਅਮਨ ਚੈਨ ਵਿੱਚ੧੨੬