ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਧਰੋਂ ਕਾਤੂਸ਼ਾ ਓਸ ਵੱਲ ਨੱਸਦੀ ਆ ਰਹੀ ਸੀ, ਓਹਦੀਆਂ ਕਾਲਚਿਆਂ ਵਾਂਗ ਕਾਲੀਆਂ ਸੋਹਣੀਆਂ ਅੱਖਾਂ ਸਨ । ਓਹਦੇ ਮੂੰਹ ਥੀਂ ਅਕਹਿ ਜੇਹਾ ਪ੍ਰਕਾਸ਼ ਫੁਟ ਫੁਟ ਕੇ ਨਿਕਲ ਰਹਿਆ ਸੀ, ਅਜਬ ਸੁਹੱਪਣ ਓਸ ਉੱਪਰ ਆਇਆ ਹੋਇਆ ਸੀ, ਡੁਲ੍ਹ ਡੁਲ੍ਹ ਪੈ ਰਹਿਆ ਸੀ, ਤੇ ਦੋਹਾਂ ਇਉਂ ਆਖਰ ਇਕ ਦੂਜੇ ਦੇ ਹੱਥ ਫੜ ਲਏ ।

"ਬਿਛੂ ਬੂਟੀ ਲੜੀ ਹੋਣੀ ਹੈ ?" ਕਾਤੂਸ਼ਾ ਨੇ ਨਿਖਲੀਊਧਵ ਨੂੰ ਕਹਿਆ ਤੇ ਆਪਣੇ ਦੂਜੇ ਖੁਲ੍ਹੇ ਹੱਥ ਨਾਲ ਕੇਸਾਂ ਨੂੰ ਠੀਕ ਕੀਤਾ। ਸਾਹੋ ਸਾਹ ਹੋਈ ਹੋਈ ਸੀ, ਤੇ ਬੜੀ ਹੀ ਦਿਲ ਖਿਚਵੀਂ ਤੇ ਮੰਦ ਮੰਦ ਹਸੀ ਨਾਲ ਓਸ ਵੱਲ ਵੇਖਣ ਲੱਗ ਗਈ ।

"ਮੈਨੂੰ ਨਹੀਂ ਸੀ ਪਤਾ ਕਿ ਇਥੇ ਕੋਈ ਟੋਆ ਹੈ", ਓਸ ਉਤਰ ਦਿੱਤਾ ਤੇ ਓਹਦਾ ਹੱਥ ਆਪਣੇ ਹੱਥ ਵਿੱਚ ਰਖੀ ਰਖਿਆ । ਕਾਤੂਸ਼ਾ ਓਹਦੇ ਨਾਲ ਨਾਲ ਲਗਦੀ ਗਈ ਤੇ ਓਹ ਆਪ ਵੀ ਓਹਨੂੰ ਪਤਾ ਹੀ ਨ ਲੱਗਿਆ ਤੇ ਓਸ ਵਲ ਆਪ ਮੁਹਾਰਾ ਝੁਕ ਗਇਆ, ਓਹ ਵੀ ਨਾ ਹਟੀ, ਓਸਨੇ ਓਹਦਾ ਹੱਥ ਪਿਆਰ ਨਾਲ ਨਿਪਤਿਆ ਤੇ ਓਹਦੇ ਹੋਠਾਂ ਤੇ ਇਕ ਪਿਆਰ ਦਿੱਤਾ ।

"ਹਾਏ ! ਉਈ, ਤੂੰ ਆਖਰ ਓਹੋ ਕੁਝ ਕਰ ਹੀ ਲਇਆ ਨਾ", ਤੇ ਆਪਣਾ ਹੱਥ ਝਟਕਾ ਦੇ ਕੇ ਛੁੜਾ ਕੇ ਓਸ ਥੀਂ ਪਰੇ ਨੱਸ ਗਈ ।੧੩੦