ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਕਾ ਸੀ ਹੀ ਨਹੀਂ ਬੱਸ ਉਸ ਥਾਂ ਤੇ ਲਾਲ ਜੇਹਾ ਦਾਗ ਸੀ, ਕਾਤੂਸ਼ਾ ਪਾਸ ਆਇਆ । ਕਾਤੂਸ਼ਾ ਨੇ ਕੁਛ ਦਿੱਤਾ ਵੀ ਤੇ ਕਿਸੇ ਕਿਸਮ ਦੀ ਘ੍ਰਿਣਾ ਨ ਕਰਦੀ ਹੋਈ ਤੇ ਅੱਖਾਂ ਵਿੱਚ ਉਸੀ ਚਮਕਦੀ ਖੁਸ਼ੀ ਨਾਲ ਓਹਦੇ ਹੋਰ ਨੇੜੇ ਹੋ ਕੇ ਤਿੰਨ ਦਫਾ ਅਸੀਸ ਦਾ ਪਿਆਰ ਦਿੱਤਾ ।

ਤੇ ਜਦ ਉਹ ਇਹਨੂੰ ਪਿਆਰ ਦੇ ਰਹੀ ਸੀ, ਓਹਦੀ ਅੱਖ ਨਿਖਲੀਊਧਵ ਵਲ ਗਈ ਤੇ ਉਸ ਦੀ ਨਿਗਾਹ ਵਿੱਚ ਇਹ ਪੁੱਛ ਸੀ, "ਕੀ ਮੈਂ ਠੀਕ ਕਰ ਰਹੀ ਹਾਂ ?" ਤੇ ਨਾਲੇ ਉਸ ਪੁੱਛ ਦਾ ਉੱਤਰ ਸੀ, "ਹਾਂ ਪਿਆਰੇ ਹਾਂ ! ਇਹ ਠੀਕ ਹੈ, ਸਭ ਕੁਛ ਠੀਕ ਹੈ । ਸਭ ਕੁਛ ਸੋਹਣਾ ਹੈ, ਮੈਂ ਪਿਆਰ ਵਿੱਚ ਹਾਂ ।"

ਓਹ ਦੋਵੇਂ ਪੋਰਚ ਦੀਆਂ ਪੌੜੀਆਂ ਲਹਿ ਆਈਆਂ ਸਨ, ਤੇ ਇਹ ਅੱਗੇ ਵਧ ਉਨ੍ਹਾਂ ਪਾਸ ਜਾ ਪਹੁੰਚਾ। ਇਹਦਾ ਮਤਲਬ ਫੁੱਫੀ ਨੂੰ ਈਸਟਰ ਦਾ ਪਿਆਰ ਦੇਣ ਦਾ ਨਹੀਂ ਸੀ ਕੇਵਲ ਕਾਤੂਸ਼ਾ ਦੇ ਲਾਗੇ ਅੱਪੜਨ ਦਾ ਸੀ ।

ਮੈਤਰੀਨਾ ਪਾਵਲੋਵਨਾ ਨੇ ਆਪਣਾ ਸਿਰ ਝੁਕਾਇਆ, ਤੇ ਮੁਸਕਰਾ ਕੇ ਬੋਲੀ "ਈਸਾ ਅਸਮਾਨਾਂ ਨੂੰ ਗਇਆ," ਤੇ ਓਹਦੀ ਬੋਲੀ ਥੀਂ ਸਾਫ ਪਤਾ ਲੱਗਦਾ ਸੀ ਕਿ ਇਸ ਗੱਲ ਦੇ ਅਰਥ ਹਨ———"ਅੱਜ ਅਸੀਂ ਸਾਰੇ ਬਰਾਬਰ ਹਾਂ ।" ਆਪਣੇ ਰੁਮਾਲ ਨਾਲ ਉਸ ਨੂੰ ਆਪਣਾ ਮੂੰਹ ਪੂੰਝਿਆ ਤੇ ਆਪਣੇ ਹੋਠ ਉਸ ਵਲ ਕੀਤੇ ।੧੬੭