ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਦੈਗੀ ਦੂਜੇ ਪਾਸਿਓਂ ਚੰਗੀ ਵੀ ਸੀ, ਕਿਉਂਕਿ ਦਿਲੋਂ ਓਹ ਇਸ ਰਿਸ਼ਤੇ ਨੂੰ ਜੇਹੜਾ ਕਾਤੂਸ਼ਾ ਨਾਲ ਪੈ ਚੁੱਕਾ ਸੀ, ਇਕ ਦਮ ਖਤਮ ਕਰਨ ਦੀ ਸਲਾਹਾਂ ਵਿੱਚ ਸੀ ਕਿਉਂਕਿ ਇਸ ਰਿਸ਼ਤੇ ਨੂੰ ਨਿਬਾਹੁਣਾ ਓਸ ਲਈ ਮੁਸ਼ਕਲ ਸੀ ।

ਫਿਰ ਓਸ ਸੋਚਿਆ ਕਿ ਓਹਨੂੰ ਕੁਛ ਰੁਪਏ ਦੇਣੇ ਚਾਹੀਏ ਓਸਦੇ ਆਪਣੇ ਲਈ ਵੀ ਨਹੀਂ, ਨ ਇਸ ਲਈ ਕਿ ਮਤੇ ਓਹਨੂੰ ਇਨਾਂ ਦੀ ਕਦੇ ਲੋੜ ਪਵੇ, ਪਰ ਸਿਰਫ ਇਸ ਲਈ ਕਿ ਇਨ੍ਹਾਂ ਕੰਮਾਂ ਵਿੱਚ ਇਹੋ ਜਿਹੇ ਰੁਪਏ ਦਿੱਤੇ ਹੀ ਜਾਂਦੇ ਹਨ, ਤੇ ਜਦ ਓਹ ਇਉਂ ਭੋਗ ਕਰਕੇ ਰੁਪਏ ਵੀ ਨ ਦੇਵੇ, ਤਦ ਉਹਦੀ ਆਪਣੀ ਸ਼ਾਨ ਦੇ ਸ਼ਾਇਆਂ ਨਹੀਂ ਹੋਵੇਗਾ।

ਓਸ ਨੇ ਓਹਦੇ ਤੇ ਆਪਣੇ ਦਰਜੇ ਵਿਚਕਾਰ ਫਰਕ ਆਦਿ ਜਾਚਦੇ ਹੋਏ ਓਹਨੂੰ ਆਪਣੇ ਵਿਚਾਰ ਅਨੁਸਾਰ ਕਾਫੀ ਵਡੇਰੀ ਰਕਮ ਦੇ ਦਿੱਤੀ । ਰੋਟੀ ਖਾਣ ਦੇ ਬਾਹਦ, ਜਿਸ ਦਿਨ ਓਸ ਟੁਰਨਾ ਸੀ, ਓਹ ਬਾਹਰ ਗਇਆ, ਤੇ ਪਾਸੇ ਦੇ ਦਰਵਾਜੇ ਉੱਪਰ ਖੜਾ ਓਹਦੀ ਉਡੀਕ ਕਰਦਾ ਰਹਿਆ । ਇਹਨੂੰ ਦੇਖ ਕੇ ਕਾਤੂਸ਼ਾ ਦਾ ਚਿਹਰਾ ਸ਼ਰਮ ਨਾਲ ਗੁਲਾਬੀ ਹੋ ਗਇਆ ਤੇ ਓਸ ਪਾਸੋਂ ਲੰਘ ਕੇ ਅੱਗੇ ਚਲਾ ਜਾਉਣਾ ਚਾਹੁੰਦੀ ਸੀ । ਆਪਣੀਆਂ ਅੱਖਾਂ ਦੇ ਮਟੱਕੇ ਨਾਲ ਓਹਨੂੰ ਇਹ ਜਤਾਇਆ ਕਿ ਨੌਕਰਾਨੀ ਦੇ ਕਮਰੇ ਦਾ ਬੂਹਾ ਚਪਾਟ ਖੁੱਲ੍ਹਾ ਹੋਇਆ ਹੈ ਤੇ ਓਹ ਮਤੇ ਤੱਕਦੀ ਹੋਵੇ, ਪਰ ਇਸਨੇ ਓਹਨੂੰ ਠਹਿਰਾ ਲਇਆ ।

"ਮੈਂ ਤੈਨੂੰ ਹੁਣ ਗੁਡਬਾਈ ਕਰਨ ਆਇਆ ਹਾਂ," ਓਸ ਕਹਿਆ ਤੇ ਨਾਲੇ ਆਪਣੇ ਹੱਥ ਵਿੱਚ ਮਰੋੜਿਆ ਮਰਾੜਿਆ ਹੋਇਆ ਇਕ ਲਫਾਫਾ ਜਿਸ ਵਿੱਚ ੧੦੦ ਰੂਬਲ ਦੇ ਨੋਟ ਸਨ,੧੮੯