ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਬ੍ਰਿਤੀਆਂ ਦਾ ਸੰਕੇਤ ਹੈ। ਜਦ ਤਕ ਉਸਦੀ ਚਰਨ ਛੋਹ ਸਾਨੂੰ ਪ੍ਰਾਪਤ ਨਹੀਂ ਹੋਈ, ਇਹ ਪੰਜ ਸਾਡੇ ਮਨ ਤੇ ਚਿਤ ਨੂੰ ਸ਼ਾਂਤ ਨਹੀਂ ਰਹਿਣ ਦੇਂਦੇ। ਪਰ ਉਸਦੀ ਛੋਹ ਨਾਲ ਇਹ ਦੈਵੀ ਹੋ ਜਾਂਦੇ ਹਨ ਤੇ ਸਾਨੂੰ ਸ਼ਾਂਤੀ ਆਉਂਦੀ ਹੈ। ਅਤੇ ਸਭ ਕਰਮ ਤੇ ਧਰਮ ਉਸਦੀ ਛੋਹ ਬਿਨਾਂ ਅਧੂਰੇ ਹਨ।

ਜਦ ਕਦੀ ਭਾਈ ਵੀਰ ਸਿੰਘ ਜੀ ਘਰ ਆਉਂਦੇ ਆਪ ਉਨ੍ਹਾਂ ਨੂੰ ਸਬ ਕੁਝ ਹੀ ਸਮਝਦੇ ਤੇ ਘਰ ਰੌਣਕ ਤੇ ਉਤਸ਼ਾਹ ਨਾਲ ਭਰ ਜਾਂਦਾ। ਕਵਿਤਾ, ਸੰਗੀਤ, ਕੋਮਲ ਉਨਰ, ਦੈਵੀ ਵਾਰਤਾਲਾਪ, ਹਾਸਯ ਰਸ ਦਾ ਇਕ ਪਰਵਾਹ ਚਲ ਪੈਂਦਾ। ਸ਼ੋਕ ਹੈ ਕਿ ਇਨ੍ਹਾਂ ਦੀ ਪਰਸਪਰ ਵਾਰਤਾਲਾਪ ਕਿਸੀ ਨੇ ਨਹੀਂ ਲਿਖੀ। ਇਹ ਇਕ ਪਰਕਾਰ ਦਾ ਸਾਹਿਤਯ ਸੀ ਜੋ ਕਿ ਲੋਪ ਹੋ ਗਇਆ ਹੈ।

ਵਿਗਿਆਨਕ, ਸਾਹਿਤਯਕ, ਵਿਹਾਰਿਕ, ਘਰੇਲੂ ਇਤਯਾਦਿ ਹਰ ਕੰਮ ਪੂਰਨ ਸਿੰਘ ਇਕ ਦਾਮਨਿਕ ਫੁਰਤੀ ਨਾਲ ਕਰਦੇ ਸਨ ਅਤੇ ਮੁਕਮਲ ਕਰਕੇ ਦਿਖਾ ਦਿੰਦੇ ਸਨ। ਅਪਨੇ ਨਿਕਟ ਵਰਤੀਆਂ ਕੋਲੋਂ ਵੀ ਐਸੀ ਹੀ ਤੇਜ਼ੀ ਕਰਾਉਂਦੇ ਸਨ। ਕਿਸੀ ਢਿਲ ਕਰਨ ਉਪਰ ਕਹਿਰ ਦਾ ਗੁੱਸਾ ਹੁੰਦਾ। ਉਹ ਕਰੋਧ ਕਦੀ ਕਦੀ ਇਕ ਆਤਸ਼ਫਸ਼ਾਂ ਪਹਾੜ ਵਾਂਗ ਭੜਕ ਉਠਦਾ ਸੀ ਅਤੇ ਘਰ ਦੇ ਦਰਵਾਜ਼ੇ ਉਨ੍ਹਾਂ ਦੀ ਗਰਜ ਨਾਲ ਕੰਬ ਉਠਦੇ ਸਨ। ਪਰ ਇਸ ਤੁਫ਼ਾਨ ਮਗਰੋਂ ਝਟ ਹੀ ਆਪ ਕੋਮਲ ਭਾਵਾਂ ਵਿਚ ਚਲੇ ਜਾਂਦੇ ਸਨ।