ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੇ ਵੇਖੋ" ਓਸ ਖਿਆਲਿਆ, "ਕਿ ਕੇਹੇ ਅਜੀਬ ਸੰਜੋਗਾਂ ਦਾ ਇਤਫਾਕ ਆਣ ਹੋਇਆ ਹੈ, ਕਿ ਇੰਨੇ ਸਾਰੇ ਸਾਲਾਂ ਬਾਹਦ ਜਿਨ੍ਹਾਂ ਵਿੱਚ ਇਕ ਵੇਰੀ ਮੈਂ ਇਹਨੂੰ ਨਹੀਂ ਮਿਲਿਆ ਇਹ ਮੁਕੱਦਮਾ ਅੱਜ ਹੀ ਜੂਰੀ ਦੇ ਪੇਸ਼ ਹੋਣਾ ਸੀ, ਤੇ ਮੈਂ ਵੀ ਜੂਰੀ ਉੱਪਰ ਆਣਾ ਸੀ, ਤੇ ਇਹਨੂੰ ਓਥੇ ਕੈਦੀਆਂ ਦੇ ਜੰਗਲੇ ਵਿੱਚ ਖੜਾ ਮੁੜ ਵੇਖਣਾ ਸੀ, ਤੇ ਇਹਦਾ ਅੰਜਾਮ ਕੀ ਹੋਵੇਗਾ ? ਹਾਏ ਜੇ ਇਹ ਸਾਰੇ ਇਹਦਾ ਫੈਸਲਾ ਜਲਦੀ ਨਿਪਟਾਵਨ!"

ਇਹੋ ਜੇਹੇ ਖਿਆਲ ਸੋਚਦਿਆਂ ਹੋਇਆਂ ਵੀ ਓਹ ਓਥੇ ਆਪਣੇ ਆਪ ਨੂੰ ਅੰਦਰਲੇ ਪਸਚਾਤਾਪ ਦੀ ਰੂਹ-ਟੁੰਬ ਅੱਗੇ ਲੰਮਾ ਨਹੀਂ ਸੀ ਪਾਓਣਾ ਚਾਹੁੰਦਾ । ਇਹ ਸਾਰੀ ਗੱਲ ਨੂੰ ਇਤਫਾਕੀਆ ਸਮਝਣ ਦੀ ਕਰ ਰਹਿਆ ਸੀ, ਜਿਹੜੀ ਬਿਨਾਂ ਓਹਦੀ ਅੰਦਰਲੀ ਜ਼ਿੰਦਗੀ ਨੂੰ ਛੇੜਨ ਦੇ ਹੀ ਲੰਘ ਜਾਵੇਗੀ । ਪਰ ਓਹਦਾ ਹਾਲ ਓਸ ਵੇਲੇ ਓਹ ਸੀ ਜਿਹੜਾ ਇਕ ਕਤੂਰੇ ਦਾ ਹੁੰਦਾ ਹੈ ਜਦ ਓਹਦਾ ਮਾਲਕ ਗਰਦਨ ਦੇ ਵਾਲਾਂ ਦੀ ਬੁਚੀਂ ਥੀਂ ਪਕੜ ਕੇ ਓਹਦਾ ਨੱਕ ਓਹਦੇ ਗੂੰਹ ਵਿੱਚ ਮਲਦਾ ਹੈ, ਜਿਹੜਾ ਓਸੇ ਹੁਣੇ ਨ ਕਰਨ ਵਾਲੀ ਥਾਂ ਤੇ ਕੀਤਾ ਹੈ । ਕਤੂਰਾ ਚੀਕਦਾ ਹੈ, ਪਿੱਛੇ ਹਟਦਾ ਹੈ ਤੇ ਆਪਣੀ ਭੈੜੀ ਕਰਤੂਤ ਦੇ ਅਸਰਾਂ ਥੀਂ ਜਿੰਨਾਂ ਜਾ ਸਕੇ ਪਿਛੇ ਹਟਣ ਦੀ ਕਰਦਾ ਹੈ ਪਰ ਓਹਦਾ ਬੇਰਹਿਮ ਮਾਲਕ ਓਹਨੂੰ ਜਾਣ ਨਹੀਂ ਦਿੰਦਾ।

ਤੇ ਇਓਂ ਨਿਖਲੀਊਧਵ ਆਪਣੇ ਕੀਤੇ ਦੀ ਕਰਹਿਤ ਨੂੰ ਅਨੁਭਵ ਕਰਦਾ ਹੋਇਆ ਆਪਣੇ ਸਾਈਂ ਦੇ ਕੜੇ ਹੱਥ ਦੀ ਘੁੱਟ ਨੂੰ ਭਾਸ ਰਹਿਆ ਸੀ, ਪਰ ਹਾਲੇਂ ਉਹ ਆਪਣੇ ਕੀਤੇ ਦਾ ਨਤੀਜਾ ਪੂਰਾ ਪੂਰਾ ਤੇ ਸਾਫ਼ ਨਹੀਂ ਸੀ ਦੇਖ ਰਹਿਆ

੨੨੮