ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਨਾ ਹੀ ਉਹ ਆਪਣੇ ਮਾਲਕ ਦੇ ਹੱਥ ਦੀ ਛੋਹ ਨੂੰ ਪੂਰਾ ਪੂਰਾ ਸਿਝਾਣ ਰਹਿਆ ਸੀ, ਉਹ ਇਹ ਮੰਨਣਾ ਨਹੀਂ ਸੀ ਚਾਹੁੰਦਾ ਕਿ ਜੋ ਕੁਛ ਨਜ਼ਾਰਾ ਓਹਦੇ ਸਾਹਮਣੇ ਸੀ ਓਹ ਓਹਦੇ ਕਰਮ ਦਾ ਨਤੀਜਾ ਸੀ । ਪਰ ਮਾਲਕ ਦੇ ਕੜੇ ਹੱਥ ਨੇ ਓਹਨੂੰ ਕਾਬੂ ਕੀਤਾ ਹੋਇਆ ਸੀ ਤੇ ਓਹਨੂੰ ਇਹ ਭਾਨ ਹੋ ਰਿਹਾ ਸੀ ਕਿ ਓਹ ਛੁਟ ਨਹੀਂ ਸਕੇਗਾ । ਨਿਰੀ ਆਪਣੀ ਮੋਟਮਰਦੀ ਬਣਾਈ ਦਿਖਾਈ ਜਾ ਰਹਿਆ ਸੀ । ਆਪਣੀ ਮਾਮੂਲੀ ਮਾਨ ਸ਼ਾਨ ਭਰੀ ਡੀਂਗ ਵਿੱਚ ਪਹਿਲੀ ਕਿਤਾਰ ਵਿੱਚ ਆਪਣੀ ਕੁਰਸੀ ਉੱਪਰ ਬੈਠਾ ਹੋਇਆ ਸੀ । ਇਕ ਟੰਗ ਬੇਪਰਵਾਹੀ ਨਾਲ ਦੂਜੀ ਉੱਪਰ ਰੱਖੀ ਹੋਈ ਸੀ ਤੇ ਆਪਣੇ ਪਿਨਸਨੇਜ਼ ਨਾਲ ਖੇਡ ਰਹਿਆ ਸੀ, ਪਰ ਸਾਰਾ ਵਕਤ ਆਪਣੇ ਰੂਹ ਦੀਆਂ ਗਹਿਰਾਈਆਂ ਵਿੱਚ ਨਾ ਸਿਰਫ ਓਸ ਇਕ ਆਪਣੇ ਕੁਕਰਮ ਦੀ ਬਲਕਿ ਅਪਣੀ ਸਾਰੇ ਆਪ-ਮਤੇ, ਮਨਮਤੇ, ਗਿਰੇ ਹੋਏ, ਬੇਤਰਸ, ਜ਼ਾਲਮ ਅਵਾਰਾ ਜੀਵਨ ਦੀ ਕਮੀਨਗੀ, ਬੁਜ਼ਦਿਲੀ, ਤੇ ਬੇਇਨਸਾਫੀ ਤੇ ਜ਼ੁਲਮ ਨੂੰ ਭਾਨ ਕਰ ਰਹਿਆ ਸੀ। ਪਰ ਓਹ ਡਰਾਉਣਾ ਪਰਦਾ ਜਿਹੜਾ ਕਿਸੀ ਨ ਕਿਸੀ ਤਰਾਂ ਇਹਦੇ ਇਸ ਪਾਪ ਨੂੰ ਇਸ ਥੀਂ ਲੁਕਾ ਰਹਿਆ ਸੀ ਤੇ ਓਹਦੀ ਓਸ ਥੀਂ ਪਿੱਛੇ ਦਸ ਸਾਲ ਦੇ ਜੀਵਨ ਨੂੰ ਇਸ ਥੀਂ ਛੁਪਾ ਰਹਿਆ ਸੀ, ਅਜ ਹਿਲਣ ਲੱਗ ਪਇਆ ਸੀ ਤੇ ਪਰਦੇ ਦੇ ਪਿੱਛੇ ਜੋ ਕੁਝ ਸੀ ਓਸ ਦੇ ਝਾਵਲੇ ਇਸ ਉੱਪਰ ਪੈਣ ਲੱਗ ਪਏ ਸਨ ।

੨੨੯