ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/279

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨ ਨੂੰ ਸਾਈਬੇਰੀਆ ਜਲਾਵਤਨ ਹੋਵੇ।"

"ਪਰ ਨਿਸਚਿੰਤ ਤੇਰਾ ਮਤਲਬ ਇਹ ਤਾਂ ਨਹੀਂ ਕਿ ਉਹ ਨਿਰਦੋਸ਼ ਹੈ," ਇਕ ਸਵਾਧਾਨ ਸੰਜੀਦਾ ਮੈਂਬਰ ਨੇ ਆਖਿਆ।

"ਹਾਂ ਨਿਸਚਿੰਤ ਉਹ ਨਿਰਦੋਸ਼ ਹੈ, ਮੇਰੀ ਜਾਚੇ ਇਹ ਮੁਕੱਦਮਾ ਦਫਾ ੮੧੭ ਨੂੰ ਅਮਲ ਵਿੱਚ ਲਿਆਉਣ ਵਾਲਾ ਹੈ"(ਦਫਾ ੮੧੭ ਇਹ ਹੈ ਕਿ ਜੇ ਅਦਾਲਤ ਜੂਰੀ ਦੇ ਫੈਸਲੇ ਨੂੰ ਬੇਇਨਸਾਫੀ ਦਾ ਫੈਸਲਾ ਸਮਝੇ, ਤਦ ਓਹਨੂੰ ਰੱਦ ਕਰ ਸਕਦੀ ਹੈ)।

"ਤੇਰਾ ਕੀ ਖਿਆਲ ਹੈ?" ਪ੍ਰਧਾਨ ਨੇ ਇਕ ਹੋਰ ਮੈਂਬਰ ਵਲ ਮੁਖਾਤਿਬ ਹੋ ਕੇ ਪੁੱਛਿਆ। ਉਹ ਨਰਮ, ਮਿਹਰਬਾਨ ਜੇਹਾ ਬੰਦਾ ਕੁਛ ਚਿਰ ਤਾਂ ਨ ਬੋਲਿਆ। ਓਸ ਆਪਣੇ ਅੱਗੇ ਪਏ ਕਾਗਜ਼ ਵਲ ਵੇਖਿਆ ਕੁਛ ਹਿੰਦਸੇ ਜੋੜੇ, ਤੇ ਜੇਹੜੀ ਉਨ੍ਹਾਂ ਦੀ ਜਮਾਂ ਆਈ ਸੀ ਉਹ ਤ੍ਰੈ ਨਾਲ ਪੂਰੀ ਵੰਡੀ ਨਹੀਂ ਸੀ ਜਾਂਦੀ, ਇਸ ਕਰਕੇ ਉਸ ਆਪਣੇ ਮਨ ਵਿੱਚ ਫੈਸਲਾ ਕੀਤਾ ਹੋਇਆ ਸੀ ਤੇ ਜੇ ਤਿੰਨ ਨਾਲ ਪੂਰੀ ਵੰਡੀ ਗਈ ਤਦ ਉਹ ਪ੍ਰਧਾਨ ਨਾਲ ਇਤਫਾਕ ਕਰੇਗਾ, ਨਹੀਂ ਤਾਂ ਨਹੀਂ ਉਹ ਹਿੰਦਸ਼ਾ ਪੂਰਾ ਤਾਂ ਨਾਂ ਵੰਡਿਆ ਗਇਆ, ਤਾਂ ਵੀ ਆਪਣੀ ਸੁਭਾਵਕ ਦਯਾ ਕਰਕੇ ਉਸ ਪ੍ਰਧਾਨ ਨਾਲ ਇਤਫਾਕ ਕੀਤਾ, "ਮੇਰਾ ਵੀ ਖਿਆਲ ਹੈ ਕਿ ਫੈਸਲਾ ਰੱਦੀ ਕਰਨਾ ਚਾਹੀਏ", ਉਸ ਆਖਿਆ।

"ਤੇ ਆਪ ਸਾਹਿਬ ਜੀ?" ਪ੍ਰਧਾਨ ਨੇ ਸੰਜੀਦਾ ਮੈਂਬਰ ਨੂੰ ਮੁੜ ਪੁੱਛਿਆ।

"ਕਦੀ ਨਹੀਂ," ਤਾਂ ਉਸ ਕੜੇ ਲਹਿਜੇ ਵਿੱਚ ਕਿਹਾ "ਜਿਵੇਂ ਹੋ ਚੁਕਾ ਹੈ ਉਸ ਥੀਂ ਵੀ ਇਹ ਦਿੱਸਦਾ ਹੈ ਕਿ ਜੂਰੀ ਨੇ ਦੋਸੀਆਂ੨੪੫