ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/304

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰ ਕੇ ਆਇਆ ਸੀ ਕਿ ਇਨ੍ਹਾਂ ਦੇ ਜਾਕੇ ਓਹ ਆਪਣੀ ਮਨ ਦੀ ਵਿਖੇਪਤੀ ਨੂੰ ਕੁਛ ਦੂਰ ਕਰ ਸਕੇਗਾ ਕਿਉਂਕਿ ਇਥੇ ਹਮੇਸ਼ਾਂ ਓਹ ਦੋ ਗੱਲਾਂ ਲਈ ਆਉਂਦਾ ਹੁੰਦਾ ਸੀ, ਇਕ ਤਾਂ ਇਹ ਕਿ ਇਸ ਟੱਬਰ ਦੀ ਖੂਬ ਮੰਝੀ ਹੋਈ ਅਮੀਰੀ ਤੇ ਅਯਾਸ਼ ਜ਼ਿੰਦਗੀ ਦੇ ਪ੍ਰਭਾਵ ਦਾ ਉਸ ਉਪਰ ਚੰਗਾ ਅਸਰ ਪੈਂਦਾ ਸੀ, ਤੇ ਦੂਜੀ ਗੱਲ ਇਹ ਕਿ ਬੇਮਲੂਮੀ ਜੇਹੀ ਤਰਜ਼ ਨਾਲ ਇਕ ਖੁਸ਼ਾਮਦ ਤੇ ਖਾਤਰ ਤਵਾਜ਼ੇ ਦਾ ਵਾਯੂ ਮੰਡਲ ਉਸ ਦੇ ਅੱਗੇ ਪਿੱਛੇ ਆਪ ਮੁਹਾਰਾ ਘੁੰਮਣ ਲਗ ਜਾਂਦਾ ਸੀ। ਪਰ ਅਜੀਬ ਗੱਲ ਇਹ ਹੋਈ, ਕਿ ਅਜ ਉਸ ਘਰ ਦੀ ਹਰ ਇਕ ਚੀਜ਼ ਥੀਂ ਉਹਦਾ ਰੂਹ ਘ੍ਰਿਣਤ ਸੀ। ਹਰ ਇਕ ਚੀਜ਼, ਉਨ੍ਹਾਂ ਦਾ ਦਵਾਰਪਾਲ, ਉਨ੍ਹਾਂ ਦੀਆਂ ਬੜੀਆਂ ਚੌੜੀਆਂ ਉਪਰ ਚੜ੍ਹਣ ਦੀਆਂ ਪੌੜੀਆਂ, ਫੁਲ, ਓਹ ਵਰਦੀ ਪਾਈ ਖੜਾ ਉਨ੍ਹਾਂ ਦਾ ਹਜੂਰੀਆ ਮੇਜ਼ ਦੀਆਂ ਸਜਾਵਟਾਂ, ਮਿੱਸੀ ਸਾਖਿਆਤ ਆਪ ਵੀ ਅੱਜ ਓਹਨੂੰ ਕੁਛ ਬਨਾਵਟੀ ਜੇਹੀ ਬਣੀ ਤਣੀ ਕੁੜੀ ਜੇਹੀ ਲੱਗਦੀ ਸੀ, ਉਹਦੇ ਰੂਹ ਨੂੰ ਕੋਈ ਖਿਚ ਨਹੀਂ ਸੀ ਪਾ ਸੱਕਦੀ। ਕੈਲੋਸੋਵ ਦੀ ਆਪ-ਮਤੀ ਪਰ ਛਛੋਰੀ ਛਛੋਰੀ ਜੇਹੀ ਲਿਬਰਲ ਮਤ ਦੀ ਸੁਰ ਨਾਗਵਾਰ ਸੀ । ਤੇ ਹਾਏ ਨਾਲੇ ਓਸ ਵਿਸ਼ਈ ਤੇ ਆਪੇ-ਮੈਂ-ਰੱਜਿਆ ਕੱਜਿਆ-ਆਪੇ-ਮੇਰੇ-ਬੱਚੇ-ਜੀਣ ਜੇਹੇ ਮਦ ਵਾਲੇ, ਸਾਂਢ ਦਾਂਦ ਵਰਗੇ ਬੁੱਢੇ ਕੋਚਰਾਗਿਨ ਦੀ ਸ਼ਕਲ, ਤੇ ਹਾਏ,ਓਸ ਸਲੇਵ ਕੋਮ ਦੀ ਦੋਗਲੀ ਜੇਹੀ ਕੈਥਰੀਨ ਅਲੈਗਜ਼ੀਨਾ ਦੇ ਫਰਾਂਸੀਸੀ ਜ਼ਬਾਨ ਦੇ ਫਿਕਰੇ ਕਸਣੇ ਆਦਿ, ਸਭ ਕੁਛ ਇਕ ਕਰਹਿਤ ਤੇ ਤਮਾਸ਼ਾ ਦਿੱਸਦਾ ਸੀ।

੨੭੦