ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/320

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਜਿਹੜਾ ਇਹ ਸਾਰਾ ਤਮਾਸ਼ਾ ਦੇਖ ਰਹਿਆ ਸੀ, ਨੇ ਖਿਆਲ ਕੀਤਾ।

ਪਰ ਓਸ ਤਕੜੇ ਸੋਹਣੇ ਫਿਲਪ ਨੇ ਆਪਣੀ ਬੇਸਬਰੀ ਦੇ ਸਭ ਨਿਸ਼ਾਨ ਖੂਬ ਲੁਕਾ ਲਏ ਸਨ, ਤੇ ਚੁਪ ਚਾਪ ਸਿਰ ਨੀਵਾਂ ਕੀਤਾ ਉਸ ਘਸੀ ਮਿਸੀ ਕਮਜ਼ੋਰ ਤੇ ਕੂੜੀ ਸੋਫੀਆ ਵੈਸੀਲਿਵਨਾ ਦੀ ਹੁਕਮ ਬਰਦਾਰੀ ਵਿੱਚ ਤੁਰੀ ਗਇਆ ।

"ਮੰਨਿਆ ਕਿ ਡਾਰਵਿਨ ਦੀ ਤਾਲੀਮ ਵਿੱਚ ਬਹੁਤ ਸਾਰਾ ਸੱਚ ਹੈ," ਕੋਲੋਸੋਵ ਆਪਣੀ ਨੀਵੀਂ ਕੁਰਸੀ ਦੇ ਪਿੱਛੇ ਜਰਾ ਢਾਸਣਾ ਲਾ ਕੇ ਤੇ ਨੀਂਦਰ ਭਰੀਆਂ ਅੱਖਾਂ ਨਾਲ ਸੋਫੀਆ ਵੈਸੀਲਿਵਨਾ ਵਲ ਵੇਖ ਕੇ ਬੋਲਿਆ, "ਪਰ ਓਹ ਨਿਸ਼ਾਨੇ ਥੀਂ ਪਰੇ ਲੰਘ ਗਇਆ ਹੈ ਓਹ ਹਾਂ ਜੀ ! ਉਹ ।"

"ਤੇ ਆਪ ਜੀ ਦੱਸੋ-ਕੀ ਆਪ ਖੂਨ ਵਿੱਚ ਆਏ ਨਸਲ ਦੇ ਅਸਰ ਨੂੰ ਮੰਨਦੇ ਹੋ ?" ਸੋਫੀਆ ਵੈਸੀਲਿਵਨਾ ਨੇ ਨਿਖਲੀਊਧਵ ਵਲ ਮੁੜ ਕੇ ਪੁੱਛਿਆ, ਜਿਹਦੀ ਚੁੱਪ ਵੱਟੀ ਓਹਨੂੰ ਬੜਾ ਨਾਰਾਜ਼ ਕਰ ਰਹੀ ਸੀ ।

"ਨਸਲ ਦਾ ਅਸਰ ?" ਉਸ ਪੁੱਛਿਆ, "ਨਹੀਂ ਮੈਂ ਨਹੀਂ ਮੰਨਦਾ ।" ਇਸ ਵੇਲੇ ਓਹਦਾ ਸਾਰਾ ਮਨ ਅਣੋਖੀਆਂ ਜੇਹੀਆਂ ਸ਼ਕਲਾਂ ਨਾਲ ਭਰਿਆ ਪਇਆ ਸੀ ਤੇ ਓਹ ਸ਼ਕਲਾਂ ਓਹਦੇ ਤਸੱਵਰ ਵਿੱਚ ਪਤਾ ਨਹੀਂ ਕਿਸ ਤਰਾਂ ਉਸ ਵੇਲੇ ਉੱਠ

੨੮੬