ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/332

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠ ਉਠ ਆਏ, ਉਹਦੇ ਨਾਲ ਆਖਰਲੀ ਮੁਲਾਕਾਤ ਯਾਦ ਆਈ ਜਦ ਇਕ ਬੂਸਰ ਹੈਵਾਨ ਵਾਂਗ ਉਸ ਉਹਨੂੰ ਫੜ ਲਇਆ ਸੀ ਤੇ ਓਹ ਮਾਯੂਸੀ ਚੇਤੇ ਆਈ ਜਿਹੜੀ ਓਹਨੂੰ ਆਪਣੇ ਉੱਤੇ ਕਾਮ ਦੇ ਬੁੱਲ੍ਹੇ ਨੂੰ ਠੰਡਾ ਕਰਨ ਮਗਰੋਂ ਵਾਪਰੀ ਸੀ । ਉਹੋ ਉਹਦਾ ਚਿੱਟਾ ਝੱਗਾ ਯਾਦ ਆਇਆ, ਨੀਲਾ ਗੁਲਬੰਦ ਤੇ ਉਹ ਸਵੇਰੇ ਦੇ ਵੇਲੇ ਹਰੀ ਕਥਾ ਦੇ ਜੋੜ ਮੇਲੇ ਦਾ ਅਨੰਦ। "ਕਿਉਂ, ਮੈਂ ਤਾਂ ਉਹਨੂੰ ਸੱਚੇ ਸੁੱਚੇ ਪਿਆਰ ਨਾਲ ਪਿਆਰਦਾ ਸਾਂ ਤੇ ਉਸ ਰਾਤੀ ਮੇਰਾ ਪਿਆਰ ਕੇਹਾ ਚੰਗਾ ਤੇ ਪਵਿਤ੍ਰ ਤੇ ਦੈਵੀ ਸੀ । ਮੈਂ ਉਸ ਥੀਂ ਪਹਿਲਾਂ ਵੀ ਉਹਨੂੰ ਪਿਆਰ ਕਰਦਾ ਸਾਂ, ਹਾਂ ਜਦ ਮੈਂ ਪਹਿਲਾਂ ਫੁੱਫੀਆਂ ਪਾਸ ਗਇਆ ਸਾਂ ਤੇ ਆਪਣਾ ਲੇਖ ਲਿਖ ਰਹਿਆ ਸਾਂ ਤਾਂ ਵੀ ਓਹਨੂੰ ਮੈਂ ਪਵਿਤ੍ਰ ਪਿਆਰ ਕਰਦਾ ਸਾਂ," ਤੇ ਉਸਨੂੰ ਆਪਣੀ ਅਹਲ ਜਵਾਨੀ ਤੇ ਉਹ ਸੋਹਣਾ ਆਪਾ ਯਾਦ ਆਇਆ । ਓਸ ਉਮਰ ਦੀ ਤਰੋਤਾਜ਼ਗੀ ਤੇ ਜਵਾਨੀ, ਤੇ ਜੀਵਨ ਰੌ ਦੇ ਹੁਲਾਰਿਆਂ ਦੀ ਭਰੀ ਹਵਾ ਨੇ ਓਹਨੂੰ ਆ ਛੋਹਿਆ ਤੇ ਉਹ ਬੜੇ ਹੀ ਦਰਦ ਤੇ ਦੁਖ ਭਰੀ ਉਦਾਸੀ ਦੀ ਕਾਂਗ ਵਿੱਚ ਗੜੂੰਦ ਹੋ ਗਇਆ ।

ਓਹਦੇ ਉਸ ਪਹਿਲੇ ਆਪੇ ਤੇ ਹੁਣ ਦੇ ਆਪੇ ਵਿੱਚ ਬੜਾ ਹੀ ਭਾਰਾ ਅੰਤਰ ਸੀ । ਠੀਕ ਉੱਨਾ ਹੀ ਵੱਡਾ ਫਰਕ ਸੀ ਜਿੰਨਾ ਉਸ ਰਾਤ ਵਾਲੀ ਗਿਰਜੇ ਵਿੱਚ ਬੈਠੀ ਕਾਤੂਸ਼ਾ ਵਿੱਚ ਤੇ ਉਸ ਵੈਸ਼ੀਆ ਹੋਈ ਕਾਤੂਸ਼ਾ ਵਿੱਚ ਸੀ, ਜਿਹੜੀ ਉਸ ਸੌਦਾਗਰ ਨਾਲ ਲੱਗੀ ਪਈ ਸੀ, ਤੇ ਉਸੇ ਦਿਨ ਸਜ਼ਾਯਾਬ ਹੋਈ ਸੀ । ਉਸ ਵੇਲੇ ਉਹ ਆਪ ਆਜ਼ਾਦ ਤੇ ਨਿਰਭੈ ਸੀ, ਤੇ ਅਨੇਕਾਂ ਹੀ ਸੰਭਵ ਵਡਿਆਈਆਂ ਨੂੰ ਅਨੁਭਵ ਕਰਨਾ ਤੇ ਅਨੇਕਾਂ

੨੯੮