ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/351

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੦

ਓਹ ਕੋਠੜਾ ਜਿਸ ਵਿੱਚ ਮਸਲੋਵਾ ਕੈਦ ਸੀ, ੨੧ ਫੁੱਟ ਲੰਬਾ ਤੇ ੧੬ ਫੁੱਟ ਚੌੜਾ ਸੀ, ਦੋ ਖਿੜਕੀਆਂ ਸਨ, ਵਿੱਚ ਇਕ ਖਸਤਾ ਜੇਹਾ ਟੁੱਟਾ ਭੱਜਾ ਸਟੋਵ, ਬੁਖਾਰੀ ਸੀ । ਕੋਠੜੇ ਦੀ ਥਾਂ ਦਾ ਦੋ ਤਿਹਾਈ ਹਿੱਸਾ ਤਾਂ ਲੱਗੇ ਤਖਤਿਆਂ ਦੇ ਬਣੇ ਕੈਦੀਆਂ ਦੇ ਬਿਸਤਰਿਆਂ ਮੱਲੀ ਹੋਈ ਸੀ । ਇਹ ਤਖਤੇ ਗਿੱਲੀ ਲੱਕੜ ਦੇ ਬਣਾਏ ਗਏ ਸਨ, ਜਿਹੜੀ ਹੁਣ ਇਥੇ ਸੁਕਕੇ ਟੇਢੀ ਹੋ ਗਈ ਸੀ ਤੇ ਸੁਕੜ ਵੀ ਗਈ ਸੀ । ਦਰਵਾਜ਼ੇ ਦੇ ਸਾਹਮਣੇ ਇਕ ਕਾਲੇ ਰੰਗ ਦੀ ਈਸਾ ਮਸੀਹ ਦੀ ਪ੍ਰਤਿਮਾ ਲਟਕ ਰਹੀ ਸੀ, ਤੇ ਉਸ ਨਾਲ ਚੁਮਟੀ ਹੋਈ ਇਕ ਮੋਮ ਦੀ ਬੱਤੀ ਸੀ, ਜਿਸ ਨਾਲ ਨਾਮੁਰਝਾਣ ਵਾਲੇ ਫੁਲਾਂ ਦਾ ਗੁੱਛਾ ਥਲੇ ਲਟਕ ਰਹਿਆ ਸੀ । ਖੁੱਲ੍ਹੇ ਪਾਸੇ ਬੂਹੇ ਪਿੱਛੇ ਇਕ ਫਰਸ਼ ਦੇ ਕਾਲੇ ਕੀਤੇ ਹਿੱਸੇ ਉੱਪਰ ਇਕ ਬੂਦਾਰ, ਸੜਿਆ ਜੇਹਾ ਟੱਬ ਪਿਆ ਹੋਇਆ ਸੀ । ਇਨਸਪੈਕਸ਼ਨ ਹੋ ਚੁੱਕਾ ਸੀ ਤੇ ਇਹ ਕੈਦੀ ਔਰਤਾਂ ਰਾਤ ਲਈ ਇੱਥੇ ਡੱਕੀਆਂ ਗਈਆ ਸਨ ।

ਇਸ ਕਮਰੇ ਦੇ ਵਾਸੀਆਂ ਦੀ ਗਿਣਤੀ ੧੫ ਸੀ । ਉਨ੍ਹਾਂ ਵਿੱਚ ਤਿੰਨ ਬੱਚੇ ਸਨ । ਹਾਲੇ ਰੋਸ਼ਨੀ ਕਾਫ਼ੀ ਸੀ, ਸਿਰਫ ਦੋ ਜਨਾਨੀਆਂ ਬੇਟੀਆਂ ਹੋਈਆਂ ਸਨ । ਇਕ ਤਪ ਦੀ ਮਾਰੀ ਚੋਰੀ ਦੇ ਦੋਸ ਵਿੱਚ ਅੰਦਰ ਆਈ ਹੋਈ ਸੀ, ਤੇ ਇਕ ਨਿਰੀ ਪੂਰੀ ਸ਼ਾਹਦੌਲੇ ਦੀ ਚੂਹੀ ਜੇਹੀ ।