ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/353

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਲਹਾੜੇ ਨਾਲ ਵੱਢ ਸੁਟਿਆ ਸੀ ਤੇ ਖਾਵੰਦ ਨੂੰ ਇਸ ਗੁੱਸੇ ਵਿੱਚ ਵੱਢਿਆ ਸੀ ਕਿ ਉਸ ਨੇ ਇਹਦੀ ਲੜਕੀ ਨਾਲ ਗੱਲ ਬਣਾ ਲਈ ਹੋਈ ਸੀ । ਇਹ ਤੀਮੀ ਓਥੇ ਡੱਕੀਆਂ ਸਾਰੀਆਂ ਤੀਮੀਆਂ ਦੀ ਮੁਖੀ ਸੀ ਤੇ ਓਹ ਸਾਰੀਆਂ ਨੂੰ ਚੋਰੀ ਸ਼ਰਾਬ ਵੇਚਣ ਦਾ ਵਿਹਾਰ ਕਿਸੀ ਨ ਕਿਸੀ ਤਰਾਂ ਸਿਰੇ ਚਾਹੜ ਲੈਂਦੀ ਹੁੰਦੀ ਸੀ । ਉਹਦੇ ਨਾਲ ਹੀ ਇਕ ਹੋਰ ਤੀਮੀ ਬੈਠੀ ਹੋਈ ਸੀ ਜਿਹੜੀ ਕੈਨਵਸ ਦਾ ਮੋਟਾ ਜੇਹਾ ਥੈਲਾ ਸੀ ਰਹੀ ਸੀ । ਇਹ ਤੀਮੀ ਇਕ ਰੇਲਵੇ ਦੇ ਚੌਕੀਦਾਰ ਦੀ ਵਹੁਟੀ ਸੀ । ਇਹਨੂੰ ਤਿੰਨ ਮਹੀਨੇ ਦੀ ਕੈਦ ਇਸ ਜੁਰਮ ਵਿੱਚ ਮਿਲੀ ਸੀ ਕਿ ਓਹ ਰੇਲ ਆਵਣ ਵੇਲੇ ਝੰਡੀਆਂ ਲੈਕੇ ਬਾਹਰ ਨਹੀਂ ਸੀ ਨਿਕਲੀ ਤੇ ਝੰਡੀ ਨ ਦਿੱਸਣ ਕਰਕੇ ਰੇਲ ਦਾ ਹਾਦਸਾ ਹੋ ਗਇਆ ਸੀ। ਇਹ ਮਧਰੀ ਜੇਹੀ ਫੀਨੇ ਨੱਕ ਵਾਲੀ ਤੇ ਛੋਟੀਆਂ ਛੋਟੀਆਂ ਕਾਲੀਆਂ ਅੱਖਾਂ ਵਾਲੀ ਤੀਮੀ ਸੀ, ਬੜੀ ਹੀ ਮਿਹਰਬਾਨ ਨਰਮ ਦਿਲ ਤੇ ਗਲੋਖੜ। ਤੇ ਸੀਣ ਤਰੁਪਣ ਦਾ ਕੰਮ ਕਰਦੀਆਂ ਤੀਆਂ ਵਿੱਚੋਂ ਤੀਸਰੀ ਥੀਓਡੋਸੀਆ ਸੀ । ਬਿਲਕੁਲ ਜਵਾਨ ਨੱਢੀ, ਗੋਰੀ ਨਿਛੋਹ, ਤੇ ਗੁਲਾਬ ਜਿਹਦੇ ਮੂੰਹ ਉੱਪਰ ਖਿੜੇ ਸਨ, ਬੜੀ ਹੀ ਸੋਹਣੀ, ਸ਼ੋਖ, ਪਰ ਬੱਚਿਆਂ ਵਰਗੀਆਂ ਅਯਾਣੀਆਂ ਅੱਖੀਆਂ, ਓਹ ਦੀਆਂ ਬੜੀਆਂ ਲੰਮੀਆਂ ਤੇ ਸੋਹਣੀਆਂ ਪੱਟੀਆਂ ਤੇ ਜਿਨ੍ਹਾਂ ਦੀਆਂ ਲਟਕਦੀਆਂ ਜ਼ੁਲਫਾਂ ਨੂੰ ਓਹ ਮੋੜ ਕੇ ਆਪਣੇ ਸਿਰ ਤੇ ਵਲ ਲੈਂਦੀ ਹੁੰਦੀ ਸੀ । ਓਹ ਕੈਦ ਵਿੱਚ ਇਸ ਵਾਸਤੇ ਸੀ ਕਿ ਉਹਨੇ ਆਪਣੇ ਖਾਵੰਦ ਨੂੰ ਜ਼ਹਿਰ ਦੇਣ ਦਾ ਹੀਲਾ ਕੀਤਾ ਸੀ, ਜ਼ਹਿਰ ਦੇ ਦਿੱਤੀ ਸੀ ਪਰ ਓਹ ਮੋਇਆ ਨਹੀਂ ਸੀ। ਵਿਆਹ

੩੧੯