ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/354

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦਿਆਂ ਸਾਰ ਹੀ ਉਸਨੇ ਇਹ ਕਾਰਾ ਕਰ ਦਿੱਤਾ ਸੀ, (ਕਿਉਂਕਿ ਜਦ ਓਹ ਹਾਲੇ ੧੬ ਸਾਲ ਦੀ ਹੀ ਸੀ ਤੇ ਓਹਦੇ ਮਾਂ ਪਿਓ ਨੇ ਉਹਦੀ ਮਰਜੀ ਬਿਨਾ ਹੀ ਵਿਆਹ ਦਿੱਤਾ ਸੀ) । ਪਰ ਇਸ ਕਾਰਾ ਕਰਨ ਦੇ ਮਗਰੋਂ ਜਦ ਓਹਨੂੰ ਮੁਕੱਦਮੇਂ ਦੇ ਚਲਦਿਆਂ ੮ ਮਹੀਨੇ ਦੀ ਰਿਹਾਈ ਜਮਾਨਤ ਤੇ ਮਿਲੀ ਸੀ, ਓਹ ਆਪਣੇ ਖਾਵੰਦ ਨੂੰ ਬੜਾ ਹੀ ਪਿਆਰ ਕਰਨ ਲੱਗ ਪਈ ਸੀ ਤੇ ਮੁੜ ਜਦ ਅਦਾਲਤ ਵਿੱਚ ਪੇਸ਼ੀ ਸ਼ੁਰੂ ਹੋਈ ਸੀ ਉਨ੍ਹਾਂ ਦੋਹਾਂ ਦਾ ਆਪੇ ਵਿੱਚ ਬੜਾ ਹੀ ਪਿਆਰ ਪਇਆ ਹੋਇਆ ਸੀ, ਹੁਣ ਭਾਵੇਂ ਓਹਦੇ ਖਾਵੰਦ ਨੇ ਖੁਦ, ਤੇ ਓਹਦੇ ਸਹੁਰੇ, ਖਾਸ ਕਰ ਉਹਦੀ ਸੱਸ ਨੇ ਬੜਾ ਹੀ ਤ੍ਰਾਣ ਲਾਇਆ, ਤਾਂ ਵੀ ਓਹ ਸਾਈਬੇਰੀਆ ਵਿੱਚ ਜਲਾਵਤਨੀ ਤੇ ਮੁਸ਼ੱਕਤ ਸਖਤ ਦੀ ਸਜ਼ਾ ਪਾ ਚੁੱਕੀ ਸੀ । ਓਹ ਮਿਹਰਬਾਨ, ਖੁਸ਼ ਰਹਿਣੀ, ਤੇ ਸਦਾ ਹਸੂੰ ਹਸੂੰ ਕਰਦੀ ਥੀਓਡੋਸੀਆ ਨੇ ਆਪਣੇ ਤਖਤੇ ਦਾ ਬਿਸਤਰ ਮਸਲੋਵਾ ਨਾਲ ਡਾਹਿਆ ਹੋਇਆ ਸੀ ਤੇ ਇਹ ਓਹਦੀ ਇੰਨੀ ਚਾਹਵਾਨ ਹੋ ਗਈ ਹੋਈ ਸੀ ਕਿ ਇਹ ਆਪਣਾ ਇਕ ਫਰਜ਼ ਸਮਝਦੀ ਸੀ ਕਿ ਮਸਲੋਵਾ ਦਾ ਸਾਰਾ ਨਿੱਕਾ ਨਿੱਕਾ ਕੰਮ ਕਾਜ ਟਹਿਲ ਸੇਵਾ ਕਰ ਦਿਆ ਕਰੇ । ਦੋ ਹੋਰ ਤੀਮੀਆਂ ਆਪਣੇ ਆਪਣੇ ਤਖਤਿਆਂ ਉੱਪਰ ਬਿਨਾਂ ਕਿਸੀ ਕੰਮ ਕਰਨ ਦੇ ਬੈਠੀਆਂ ਹੋਈਆਂ ਸਨ । ਇਕ ਤਾਂ ਕੋਈ ਚਾਲੀ ਕੂ ਵਰਹਿਆਂ ਦੀ ਹੋਊ, ਪੀਲਾ ਪਤਲਾ ਜੇਹਾ ਓਹਦਾ ਮੁਹਾਂਦਰਾ, ਜਿਹੜਾ ਇਓਂ ਜਾਪ ਰਿਹਾ ਸੀ, ਕਦੀ ਬੜੀ

੩੨੦