ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰੀਆਂ ਉੱਪਰ ਇਹ ਰੱਬੀ ਸਬਜ਼ੇ ਡਲਕ ਰਹੇ ਹਨ। ਬਰਚ ਦੇ ਬੂਟੇ, ਸਫੈਦੇ ਤੇ ਜੰਗਲੀ ਪਦਮ ਦੇ ਬ੍ਰਿਛ ਆਪਣੇ ਗੋਦ ਭਰੇ ਖ਼ੁਸ਼ਬੂਦਾਰ ਪੱਤੇ ਖੋਲ ਰਹੇ ਸਨ, ਤੇ ਸੰਗਤਰੇ ਤੇ ਨਿੰਬੂਆਂ ਦੀਆਂ ਸ਼ਾਖਾਂ ਉੱਪਰ ਕਰਨੇ ਦਾ ਸ਼ਗੁਫ਼ਾ ਸੋਹਣਾ ਝੁਰਮਟ ਪਾ ਰਹਿਆ ਸੀ। ਕਾਂ, ਚਿੜੀਆਂ ਤੇ ਕਬੂਤਰ ਬਸੰਤ-ਰਿਤੂ ਦੀ ਉਮਾਹੂ ਖ਼ੁਸ਼ੀ ਵਿੱਚ ਚਾਈਂ ਚਾਈਂ ਆਪਣੇ ਆਪਣੇ ਆਲਣੇ ਤਿਆਰ ਕਰ ਰਹੇ ਸਨ, ਤੇ ਧੁੱਪ ਦੀ ਨਿੱਘ ਨਾਲ ਜੀ ਪਈਆਂ ਮੱਖੀਆਂ ਨੇ ਆਪਣੇ ਪਰਾਂ ਦਾ ਅਲਾਪ ਛੇੜਿਆ ਹੋਇਆ ਸੀ, ਹਰ ਕੋਈ ਖੁਸ਼ੀ ਸੀ: ਬੂਟੇ , ਪੰਛੀ, ਕੀੜੇ ਤੇ ਬੱਚੇਪਰ ਮਨੁਖ-ਪੱਕੀ ਉਮਰ ਦੇ ਮਰਦ ਤੇ ਤੀਮੀਆਂ ਆਪਣੀ ਖੋਆਂ ਵਿੱਚ ਗਲਤਾਨ ਸਨ, ਉਨ੍ਹਾਂ ਲਈ ਬਸੰਤ ਨਹੀਂ ਸੀ ਆਈ, ਉਹ ਉਸੀ ਤਰ੍ਹਾਂ ਇਕ ਦੂਜੇ ਨੂੰ ਧੋਖੇ ਦੇਣ, ਤੇ ਹਰ ਤਰ੍ਹਾਂ ਇਕ ਦੂਜੇ ਨੂੰ ਤੰਗ ਕਰਨ ਦੀਆਂ ਖੋਆਂ ਵਿੱਚ ਲੱਗੇ ਸਨ, ਇਨ੍ਹਾਂ ਆਪਣੀਆਂ ਕਰੂਪ ਕਰਤੂਤਾਂ ਇਸ ਸੁਭਾਗਯ ਬਸੰਤ ਰੁੱਤ ਵਿੱਚ ਨਹੀਂ ਸਨ ਛੱਡੀਆਂ। ਇਨਾਂ ਨੂੰ ਇਹ ਭਾਨ ਨਹੀਂ ਸੀ ਹੁੰਦਾ ਕਿ ਇਹ ਬਸੰਤ ਦੀ ਸ਼ੁਭ ਪ੍ਰਭਾਤ ਹੈ, ਕੋਈ ਰੱਬੀ ਮਿਹਰ ਹੈ ਤੇ ਕਿਸੀ ਸ਼ੁਕਰ ਤੇ ਵਿਸਮਾਦ ਤੇ ਸਿਫਤ ਭਰੇ ਵਿਚਾਰ ਵਿੱਚ ਜਾਈਏ, ਇਨ੍ਹਾਂ ਲਈ ਇਹ ਰੱਬ ਦੀ ਸੋਹਣੀ ਦੁਨੀਆਂ ਕੋਈ ਸੋਹਣੀ ਚੀਜ਼ ਨਹੀਂ ਸੀ ਦਿਸ ਰਹੀ, ਇਹ ਪਤਾ ਨਹੀਂ ਸੀ ਲਗ ਰਹਿਆ ਕਿ ਇਹ ਰੱਬੀ ਮਿਹਰ ਸਭ ਚਰ ਅਚਰ ਨੂੰ ਖ਼ਸ਼ੀ, ਚਾ, ਉਮਾਹ, ਬਰਕਤ ਦੇਣ ਲਈ ਆਈ ਹੈ-ਇਹ ਰੱਬੀ ਸੁਹਣਪ ਜਿਹੜੀ ਦਿਲ ਨੂੰ ਜੋੜਦੀ ਹੈ, ਪਿਆਰ, ਰਾਗ ਤੇ ਰੂਹ ਦੀ ਠੰਢ ਵਲ ਮੋੜਦੀ ਹੈ। ਨਹੀਂ, ਉਨਾਂ ਨੂੰ ਬਸ ਆਪਣੀਆਂ ਹੀ ਇਕ ਦੂਜੇ ਨੂੰ ਗੁਲਾਮ ਬਣਾਉਣ ਦੀਆਂ ਤਦਬੀਰਾਂ ਤੇ ਫਰੇਬ ਬਸ ਸੂਝਦੇ ਸਨ।