ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/375

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਪਰ ਇਕ ਦੂਜੇ ਨਾਲ ਬਹਿਸਦੀਆਂ ਰਹੀਆਂ ਕਿ ਕਸੂਰ ਕੀਹਦਾ ਸੀ ! ਆਖ਼ਰ ਵਾਰਡਰੈਸ ਤੇ ਜੇਲਰ ਦੋਵੇਂ ਓਸ ਕੋਠੜੀ ਥੀਂ ਚਲੇ ਗਏ । ਤੀਮੀਆਂ ਅੱਗੇ ਨਾਲੋਂ ਚੁੱਪ ਹੋ ਚੁਕੀਆਂ ਸਨ ਤੇ ਆਪਣੇ ਬਿਸਤਰਿਆਂ ਉੱਪਰ ਜਾਣ ਲੱਗ ਪਈਆਂ ਸਨ, ਤੇ ਬੁੱਢੀ ਤੀਮੀਂ ਈਸਾ ਦੀ ਪ੍ਰਤੀਮਾ ਅੱਗੇ ਜਾਕੇ ਅਰਦਾਸ ਕਰਨ ਲੱਗ ਗਈ ਸੀ ।

"ਦੋ ਜੇਲ ਦੇ ਪੰਖੇਰੂ ਆਣ ਮਿਲੇ ਹਨ," ਓਸ ਲਾਲ ਵਾਲਾਂ ਵਾਲੀ ਨੇ ਅਚਨਚੇਤ ਬੜੀ ਹੀ ਕਰੱਖਤ ਆਵਾਜ਼ ਵਿੱਚ ਕਮਰੇ ਦੇ ਪਰਲੇ ਦੂਰ ਵਾਲੇ ਸਿਰੇ ਦੇ ਬਿਸਤਰੇ ਉੱਪਰ ਪਈ ਨੇ ਕਹਿਆ, ਤੇ ਹਰ ਇਕ ਲਫਜ਼ ਨਾਲ ਨਾਲ ਬੜੀਆਂ ਗੰਦੀਆਂ ਭੈੜੀਆਂ ਗਾਲਾਂ ਕੱਢਦੀ ਗਈ ।

'ਖਿਆਲ ਰੱਖੀ ਮਤੇ ਹੁਣ ਫਿਰ ਪਵਣ ਨੀ," ਕੋਰਾਬਲੈਵਾ ਨੇ ਜਵਾਬ ਦਿੱਤਾ ਤੇ ਨਾਲੇ ਗਾਲਾਂ ਵੀ ਕੱਢੀਆਂ । ਇਸ ਉਪਰੰਤ ਦੋਵੇਂ ਚੁਪ ਹੋ ਗਈਆਂ ।

"ਜੇ ਮੈਨੂੰ ਓਹ ਫੜ ਨ ਲੈਂਦੇ ਮੈਂ ਤੇਰੀਆਂ ਸ਼ਰਾਬੀਆਂ ਅੱਖਾਂ ਕੱਢ ਦਿੰਦੀ ਹੈ," ਮੁੜ ਓਹ ਲਾਲ ਵਾਲਾਂ ਵਾਲੀ ਬੋਲ ਉੱਠੀ ਤੇ ਉਹੋ ਜੇਹਾ ਜਵਾਬ ਮੁੜ ਕੋਰਾਬਲੈਵਾ ਨੇ ਵੀ ਘੜਿਆ ਘੜਾਇਆ ਸੁਣਾਇਆ । ਫਿਰ ਕੁਛ ਚਿਰ ਆਰਾਮ ਦਾ ਲੰਘਿਆ, ਤੇ ਫਿਰ ਓਸ ਥੀਂ ਵਧ ਗਾਲੀਆਂ ਬੋਲੀਆਂ ਹੋਈਆਂ ਪਰ ਇਨ੍ਹਾਂ ਬੋਲੀਆਂ ਦੇ ਵਿੱਚ ਦੀਆਂ ਵਿੱਥਾਂ ਕੁਝ ਵਧਦੀਆਂ ਗਈਆਂ, ਜਿਵੇਂ ਇਕ ਗਜਦਾ ਬੱਦਲ ਲੰਘ ਰਹਿਆ ਹੋਵੇ, ਆਖਰ ਸਭ ਚੁਪ ਹੋ ਗਈਆਂ ।

੩੪੧