ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/429

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੯

ਹੁਣ ਗਿਰਜੇ ਦੀਆਂ ਰਸਮਾਂ ਅਰਦਾਸ ਅਰੰਭ ਹੋਈਆਂ ।

ਇਹ ਇਉਂ ਹੋਈਆਂ———ਪਾਦਰੀ, ਇਕ ਅਜੀਬ ਤੇ ਕੁਛ ਬਹੁਤ ਬੇ ਅਰਾਮ ਜੇਹੀ ਸੋਨੇ ਦੇ ਕੱਪੜੇ ਦੀ ਗੋਦੜੀ ਪਾਈ ਹੋਈ ਇਕ ਰਕੇਬੀ ਵਿੱਚ ਲੱਗਾ ਰੋਟੀ ਦੇ ਨਿੱਕੇ ਨਿੱਕੇ ਟੁਕੜੇ ਕੱਟਣ ਤੇ ਰੱਖਣ ਤੇ ਬਹੂੰ ਸਾਰਿਆਂ ਨੂੰ ਮੁੜ ਚੱਕ ਕੇ ਅੰਗੂਰੀ ਸ਼ਰਾਬ ਵਿੱਚ ਸੇੜਦਾ———ਇਉਂ ਕਰਦਿਆਂ ਨਾਲ ਨਾਲ ਕੁਛ ਮੰਤਰ ਤੇ ਅਰਦਾਸਾਂ ਪੜੀ ਜਾਂਦਾ ਸੀ । ਜਦ ਓਹ ਇਹ ਕਰ ਰਹਿਆ ਸੀ ਨੇ ਪਹਿਲਾਂ ਤਾਂ ਸਲਾਵ ਭਾਸ਼ਾ ਵਿੱਚ ਕੁਛ ਪਾਠ ਕੀਤਾ। ਇਹ ਬੋਲੀ ਸਮਝ ਕਿਸੇ ਦੇ ਆ ਹੀ ਨਹੀਂ ਰਹੀ ਸੀ ਅਤੇ ਓਹਦੇ ਤਾਵਲਾ ਪੜ੍ਹਨ ਕਰਕੇ ਹੋਰ ਵੀ ਸੁਸ਼ਕਲ ਹੋ ਰਹੀ ਸੀ, ਤੇ ਫਿਰ ਕਾਨਵਿਕਟਾਂ ਨੂੰ ਨਾਲ ਮਿਲਾ ਕੇ ਜੋੜੀਆਂ ਦੀ ਧਾਰਨਾਂ ਉੱਪਰ ਉਨ੍ਹਾਂ ਨੂੰ ਗਵਾਇਆ । ਅਰਦਾਸਾਂ ਸਭ ਇਹ ਸਨ ਕਿ ਸਾਡੇ ਸ਼ਹਿਨਸ਼ਾਹ ਜ਼ਾਰ ਤੇ ਉਹਦੇ ਟੱਬਰ ਦੀ ਰੱਛਾ ਹੋਵੇ, ਓਹ ਅਰੋਗ ਹੋਣ। ਇਹ ਅਰਦਾਸਾਂ ਕਈ ਵੇਰ ਦੁਹਰਾਈਆਂ ਗਈਆਂ । ਹੋਰਨਾਂ ਅਰਦਾਸਾਂ ਵਿੱਚ ਵੀ, ਤੇ ਨਿਵੇਕਲਿਆਂ ਵੀ, ਲੋਕੀ ਗੋਡੇ ਭਾਰ ਹੋ ਗਏ ਸਨ । ਇਸ ਥੀਂ ਸਿਵਾਏ ਹਵਾਰੀਆਂ ਦੇ ਐਕਟਸ ਵਿੱਚੋਂ ਕਈ ਇਕ ਤੁਕਾਂ ਡੀਕਨ ਨੇ ਇਕ ਅਣੋਖੀ ਤਰਾਂ ਦੀ ਬਣਾਈ ਅਵਾਜ਼ ਵਿੱਚ ਪੜ੍ਹੀਆਂ ਜੋ ਸਮਝ ਕੋਈ ਵੀ ਨਾ ਸਕਿਆ ।