ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਨੂੰ ਚੰਗਾ ਲਗ ਰਹਿਆ ਸੀ। ਨਾਲੇ ਬਾਹਰ ਦੀ ਖੁੱਲ੍ਹੀ ਹਵਾ ਨੇ ਵੀ ਓਹਨੂੰ ਖੁਸ਼ੀ ਕੀਤਾ ਸੀ, ਪਰ ਕੈਦ ਵਿੱਚ ਰਹਿ ਕੇ ਓਹਦੇ ਪੈਰਾਂ ਨੂੰ ਚੱਲਣ ਦੀ ਆਦਤ ਨਹੀਂ ਰਹੀ ਸੀ, ਤੇ ਓਨ੍ਹਾਂ ਭੈੜੀਆਂ ਜੇਲ੍ਹ ਦੀਆਂ ਜੁੱਤੀਆਂ ਨਾਲ ਸਖਤ ਪੱਥਰਾਂ ਤੇ ਟੁਰਨਾ ਔਖਾ ਹੋ ਰਹਿਆ ਸੀ। ਇਕ ਅਨਾਜ ਵੇਚਣ ਵਾਲੇ ਦੀ ਦੁਕਾਨ ਕੋਲੋਂ ਲੰਘਦਿਆਂ ਜ੍ਹਿਦੇ ਸਾਹਮਣੇ ਕਈ ਕਬੂਤਰ ਆਪਣੀਆਂ ਛਾਤੀਆਂ ਕੱਢੇ ਬਿਨਾਂ ਕਿਸੇ ਦੇ ਛੇੜੇ, ਟਹਿਲ ਰਹੇ ਸਨ, ਇਹਦਾ ਪੈਰ ਇਕ ਸਲੇਟੀ ਨੀਲੇ ਰੰਗ ਦੇ ਕਬੂਤਰ ਨੂੰ ਬਸ ਲੱਗਾ ਹੀ ਸੀ ਕਿ ਓਹ ਕਬੂਤਰ ਘਬਰਾ ਕੇ ਇਹਦੇ ਕੰਨ ਦੇ ਕੋਲੋਂ ਫੜਕਦਾ ਉੱਡ ਗਇਆ। ਆਪਣੇ ਫੰਘਾਂ ਨਾਲ ਉੱਤੋਂ ਜਾਂਦਿਆਂ ਉੱਡਦਿਆਂ ਮਾਨੋਂ ਪੱਖਾ ਕਰਦਾ ਗਇਆ। ਓਹ ਮੁਸਕ੍ਰਾਈ ਤੇ ਨਾਲੇ ਹੀ ਇਕ ਡੂੰਘਾ ਸਾਹ ਭਰਿਆ, ਓਸ ਵੱਲ ਤੱਕਿਆ ਤੇ ਨਾਲੇ ਆਪਣੀ ਉਲਝੀ ਅਵਸਥਾ ਦਾ ਖਿਆਲ ਆਇਆ।