ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/446

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕੀ ਐਤਵਾਰ ਦੀਆਂ ਸ਼ੋਖ ਪੁਸ਼ਾਕਾਂ ਪਾਈ ਆਪਣੇ ਆਪਣੇ ਮਹੱਲੇ ਦੀਆਂ ਗਲੀਆਂ ਵਿੱਚੋਂ ਧਾਈ ਜਾ ਰਹੇ ਸਨ ।

ਬੱਘੀ ਵਾਲੇ ਨੇ ਨਿਖਲੀਊਧਵ ਨੂੰ ਐਨ ਜੇਲ ਤਕ ਨਹੀਂ ਸੀ ਖੜਿਆ । ਜੇਲਖਾਨੇ ਨੂੰ ਜਾਂਦੀ ਸੜਕ ਦੇ ਕੋਲ ਵਾਲੇ ਮੋੜ ਉੱਪਰ ਹੀ ਉਤਾਰ ਦਿੱਤਾ ਸੀ ।

ਕਈ ਬੰਦੇ, ਮਰਦ ਤੇ ਤੀਮੀਆਂ ਤੇ ਬੁਹਤਿਆਂ ਆਪਣੇ ਬੁਚਕੇ ਆਪ ਚੁੱਕੇ ਹੋਏ ਜੇਲ ਥੀਂ ਕੋਈ ਸੌ ਕੂ ਕਦਮ ਉਰੇ ਖੜੇ ਸਨ । ਉਨ੍ਹਾਂ ਦੇ ਸੱਜੇ ਕਈ ਇਕ ਨੀਵੀਆਂ ਛੱਤਾਂ ਦੇ ਲਕੜੀ ਦੇ ਕੋਠੇ ਸਨ, ਤੇ ਖੱਬੇ ਪਾਸੇ ਇਕ ਦੋਛੱਤਾ ਘਰ ਸੀ ਜਿਸ ਦੇ ਉੱਪਰ ਇਕ ਸਾਈਨਬੋਰਡ ਸੀ । ਤੇ ਇੱਟ ਦੀ ਵੱਡੀ ਇਮਾਰਤ ਜੇਲ ਦੀ ਆਪਣੀ ਸਾਹਮਣੇ ਸੀ ਪਰ ਕੋਈ ਦੇਖਣ ਵਾਲਾ ਯਾ ਮੁਲਾਕਾਤੀ ਓਸ ਪਾਸੇ ਨਹੀਂ ਸੀ ਜਾ ਸੱਕਦਾ । ਓਸ ਇਮਾਰਤ ਦੇ ਅੱਗੇ ਇਕ ਸੰਤਰੀ ਟਹਿਲ ਰਹਿਆ ਸੀ ਤੇ ਜੋ ਵੀ ਉਸ ਸੰਤਰੀ ਪਾਸੋਂ ਲੰਘਣ ਦੀ ਕਰਦਾ ਸੀ ਸੰਤਰੀ ਓਹਨੂੰ ਉੱਚਾ ਲਲਕਾਰ ਕੇ ਠਹਿਰਾ ਦਿੰਦਾ ਸੀ ।

ਸੱਜੇ ਪਾਸੇ ਲਕੜੀ ਦੀ ਇਮਾਰਤ ਦੇ ਦਰਵਾਜ਼ੇ ਉੱਪਰ ਸੰਤਰੀ ਦੇ ਐਨ ਸਾਹਮਣੇ ਇਕ ਜੇਲਰ ਬੈਂਚ ਉੱਪਰ ਬੈਠਾ ਸੀ ਤੇ ਉਸ ਨੇ ਸੁਨਹਿਰੀ ਰੱਸੀਆਂ ਵਾਲੀ ਵਰਦੀ ਪਾਈ ਹੋਈ ਸੀ । ਉਹਦੇ ਹੱਥਾਂ ਵਿੱਚ ਇਕ ਨੋਟਬੁਕ ਸੀ।ਜਿਨ੍ਹਾਂ ਜਿਨ੍ਹਾਂ ਜੇਲ ਅੰਦਰ ਵੇਖਣ ਮਿਲਣ ਜਾਣਾ ਹੁੰਦਾ ਸੀ ਉਹ ਸਭ ਉਸ ਪਾਸ ਜਾਂਦੇ ਸਨ, ਤੇ ਜਿਨ੍ਹਾਂ ਬੰਦਿਆਂ ਨੂੰ ਉਨ੍ਹਾਂ ਮਿਲਣਾ ਹੁੰਦਾ ਸੀ ਉਨ੍ਹਾਂ ਦੇ ਨਾਂ ਉਹ ਦਿੰਦੇ ਸਨ,

੪੧੨