ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਨ ਕੁੜੀ ਲੇਟੀ ਹੋਈ ਸੀ, ਤੇ ਉਸ ਅੱਗੇ ਇਕ ਸੋਹਣਾਂ ਅਰੋਗ ਤੇ ਨਵਾਂ ਜੰਮਿਆ ਬੱਚਾ ਲੇਟਿਆ ਹੋਇਆ ਸੀ। ਇਹ ਵੇਖ ਕੇ ਉਸ ਬੁੱਢੀ ਕੰਵਾਰੀ ਸਵਾਣੀ ਨੇ ਆਪਣੀਆਂ ਨੌਕਰਾਣੀਆਂ ਨੂੰ ਝਾੜਨਾ ਸ਼ੁਰੂ ਕੀਤਾ ਕਿ ਉਨ੍ਹਾਂ ਕਿਉਂ ਇਕ ਸੱਜਰ ਸੂ ਜਨਾਨੀ ਨੂੰ ਗਉਆਂ ਦੇ ਛੱਪਰ ਹੇਠ ਲੇਟਣ ਦੀ ਇਜਾਜ਼ਤ ਦਿੱਤੀ ਹੈ। ਜਾਣ ਹੀ ਲੱਗੀ ਸੀ ਕਿ ਉਸ ਨੰਨ੍ਹੀ ਜੇਹੀ ਜਾਨ ਨੂੰ ਵੇਖਕੇ ਉਹਨੂੰ ਤਰਸ ਆਇਆ ਤੇ ਉਸ ਆਪ ਉੱਥੇ ਹੀ ਕਹਿ ਦਿੱਤਾ ਕਿ ਉਸ ਨਿੱਕੀ ਬੱਚੀ ਦੀ ਬਿਪਤਿਸਮੇ ਦੇ ਦੀ ਧਰਮ-ਮਾਂ ਓਹ ਆਪ ਬਣੇਗੀ, ਤੇ ਇਓਂ, ਧਰਮ ਦੀ ਧੀ ਬਣਾ ਉਹਨੂੰ ਹੋਰ ਤਰਸ ਆਇਆ ਤੇ ਕੁਛ ਦੁੱਧ ਦਿੱਤੇ ਜਾਣ ਦਾ ਹੁਕਮ ਦਿੱਤਾ। ਕੁਝ ਰੁਪੈ ਮਾਂ ਨੂੰ ਦਿੱਤੇ ਕਿ ਉਹ ਉਸ ਬੱਚੀ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰੇ। ਇਸ ਤਰਾਂ ਇਹ ਛੇਵਾਂ ਬੱਚਾ ਉਹਦਾ ਜੀਵਿਆ। ਉਹ ਦੋਵੇਂ ਬੁਢੀਆਂ ਮਿੱਸਾਂ ਹਮੇਸ਼ਾਂ ਇਸ ਬੱਚੀ ਨੂੰ "ਬੱਚ ਗਿਆ ਬੱਚਾ" ਕਹਿ ਕੇ ਯਾਦ ਕਰਦੀਆਂ ਸਨ। ਜਿਸ ਵਕਤ ਇਹ ਲੜਕੀ ਤਿੰਨ ਸਾਲ ਦੀ ਹੋਈ ਓਹਦੀ ਮਾਂ ਮਰ ਗਈ, ਤੇ ਬੱਚੀ ਹੁਣ ਆਪਣੀ ਦਾਦੀ ਪਾਸੋਂ ਔਖੀ ਸੀ। ਇਸ ਕਰਕੇ ਉਨ੍ਹਾਂ ਮਿਸਾਂ ਨੇ ਓਹਨੂੰ ਦਾਦੀ ਪਾਸੋਂ ਲੈ ਕੇ ਆਪ ਪਾਲਣਾ ਸ਼ੁਰੂ ਕਰ ਦਿੱਤਾ। ਸੱਚ ਆਪਣੀ ਦਾਦੀ ਪਾਸ ਤਾਂ ਓਹ ਇਕ ਕਿਸਮ ਦਾ ਬੋਝ ਹੀ ਸੀ ਨਾ। ਇਹ ਨਿੱਕੀ ਜੇਹੀ ਕਾਲੀ ਅੱਖਾਂ ਵਾਲੀ ਕੁੜੀ ਬੜੀ ਹੀ ਸੋਹਣੀ ਆਣ ਨਿਕਲੀ ਤੇ ਇਹਦੀ ਕੁਦਰਤੀ ਤਬੀਅਤ ਇੰਨੀ ਖਿਲਾੜੀ ਸੀ ਕਿ ਉਨ੍ਹਾਂ ਬੁਢੀਆਂ ਮਿੱਸਾਂ ਦਾ ਇਕ ਪਰਚਾਵਾ ਆਣ ਹੋਈ।

ਸੋਫੀਆ ਈਵਾਨੋਵਨਾ- ਉਨ੍ਹਾਂ ਦੋਹਾਂ ਮਿੱਸਾਂ ਵਿਚੋਂ ਛੋਟੀ ਜਿਹੜੀ ਇਸ ਕੁੜੀ ਦੀ ਧਰਮ ਮਾਂ ਬਣੀ ਸੀ, ਦਾ ਦਿਲ

੧੧