ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/451

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਰਾ ਸੀ, ਈਸਾ ਦੇ ਸਲੀਬ ਉੱਪਰ ਚੜ੍ਹੇ ਹੋਏ ਦੀ ਇਕ ਵੱਡੀ ਸਾਰੀ ਤਸਵੀਰ ਆਪਣੇ ਸਾਹਮਣੇ ਲੱਗੀ ਦੇਖ ਕੇ ਨਿਖਲੀਊਧਵ ਕੁਛ ਬਝੱਕ, ਹੱਕਾ ਬੱਕਾ ਜੇਹਾ ਹੋ, ਗਇਆ । "ਇਹ ਇੱਥੇ ਕਿਸ ਲਈ ਹੈ ?" ਉਸ ਸੋਚਿਆ, ਉਹਦੇ ਮਨ ਵਿੱਚ ਇਸ ਤਸਵੀਰ ਦਾ ਸੰਬੰਧ ਮੁਕਤੀ ਨਾਲ ਸੀ ਨ ਕਿ ਕੈਦਾਂ ਨਾਲ ।

ਓਹ ਹੌਲੇ ਹੌਲੇ ਅੱਗੇ ਚਲੀ ਗਇਆ, ਤੇ ਜਿਹੜੇ ਤਾਵਲੇ ਮੁਲਾਕਾਤੀ ਸਨ ਉਨ੍ਹਾਂ ਨੂੰ ਆਪਣੇ ਥੀਂ ਅੱਗੇ ਲੰਘੀ ਜਾਣ ਦਿੱਤਾ । ਤੇ ਓਹਨੂੰ ਦਿਲ ਵਿੱਚ ਅਜੀਬ ਮਿਲਵੇਂ ਜੇਹੇ ਇਹਸਾਸ ਹੋਏ ਬੁਰੀ ਅੱਗ ਨੂੰ ਇਸ ਇਮਾਰਤ ਵਿੱਚ ਜੰਦਰੇ ਅੰਦਰ ਡਕਿਆ ਵੇਖ ਕੇ । ਤੇ ਓਨ੍ਹਾਂ ਉੱਪਰ, ਜਿਹੜੇ ਵਿਚਾਰੀ ਕਾਤੂਸ਼ਾ ਵਾਂਗ ਤੇ ਉਸ ਚੋਰ ਮੁੰਡੇ ਵਾਂਗ, ਜਿਸ ਉੱਪਰ ਕਲ ਹੀ ਮੁਕੱਦਮਾ ਹੋਇਆ ਸੀ, ਬੇਗੁਨਾਹ ਅੰਦਰ ਡਕੇ ਗਏ ਸਨ, ਤਰਸ ਆ ਰਹਿਆ ਸੀ । ਤੇ ਨਾਲ ਓਸ ਮੁਲਾਕਾਤ, ਜਿਹੜੀ ਬਸ ਹੁਣ ਸਾਹਮਣੇ ਆ ਰਹੀ ਸੀ, ਉੱਪਰ ਸ਼ਰਮ ਆ ਰਹੀ ਸੀ, ਗਚ ਭਰ ਰਹਿਆ ਸੀ । ਜਿਵੇਂ ਇਹ ਲੋਕੀ ਲੰਘਦੇ ਜਾਂਦੇ ਸਨ, ਜੇਲਰ ਮੁਲਾਕਾਤੀ ਕਮਰੇ ਦੇ ਸਿਰ ਉੱਪਰ ਬੈਠਾ ਕੁਛ ਕਹਿ ਰਹਿਆ ਸੀ । ਨਿਖਲੀਊਧਵ ਨੇ ਆਪਣੇ ਖਿਆਲਾਂ ਵਿੱਚ ਗੜ੍ਹੰਦ, ਓਹਦੇ ਕਹੇ ਵਲ ਕੋਈ ਧਿਆਨ ਨ ਦਿੱਤਾ, ਤੇ ਮੁਲਾਕਾਤੀਆਂ ਦੀ ਵੱਡੀ ਧਾਰਾ ਦੇ ਪਿੱਛੇ ਪਿੱਛੇ ਟੁਰੀ ਗਇਆ ਤੇ ਤੀਮੀਆਂ ਵਾਲੇ ਪਾਸੇ ਜਾਣ ਦੀ ਥਾਂ ਮਰਦਾਂ ਵਾਲੇ ਹਿੱਸੇ ਵਿੱਚ

੪੧੭