ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/455

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਓਹਦੇ ਪਰੇ ਇਕ ਤੀਮੀਂ ਜਿਸ ਆਪਣੇ ਮੋਂਢੇ ਉੱਪਰ ਚੰਗੀ ਵਧੀਆ ਉੱਨੀ ਸ਼ਾਲ ਸੁੱਟੀ ਹੋਈ ਸੀ, ਫਰਸ਼ ਉੱਪਰ ਬੈਠੀ ਸੀ, ਬਾਲ ਕੁੱਛੜ ਸੀ ਤੇ ਜ਼ਾਰ ਜ਼ਾਰ ਰੋ ਰਹੀ ਸੀ । ਇਸ ਤੀਮੀਂ ਲਈ ਸ਼ਾਇਦ ਇਹ ਪਹਿਲਾ ਹੀ ਮੌਕਾ ਸੀ ਕਿ ਉਸ ਨੇ ਦੂਜੇ ਪਾਸੇ ਜੇਲ ਦੇ ਕੱਪੜਿਆਂ ਵਿੱਚ ਇਕ ਚਿੱਟੇ ਸਿਰ ਵਾਲਾ, ਘਰੜ ਮੁੰਨਿਆ, ਤੱਕਿਆ । ਓਹਦੇ ਪਰਲੇ ਪਾਸੇ ਓਹ ਦਵਾਰਪਾਲ ਸੀ ਜਿਹੜਾ ਬਾਹਰ ਨਿਖਲੀਊਧਵ ਨਾਲ ਗੱਲਾਂ ਕਰਦਾ ਰਹਿਆ ਸੀ। ਓਹ ਆਪਣੇ ਸਾਰੇ ਜੋਰ ਨਾਲ ਇਕ ਚਿੱਟੇ ਸਿਰ ਵਾਲੇ ਦੂਜੇ ਪਾਸੇ ਖੜੇ ਕਾਨਵਿਕਟ ਨੂੰ ਲਲਕਾਰ ਰਹਿਆ ਸੀ ।

ਜਦ ਨਿਖਲੀਊਧਵ ਨੇ ਸਮਝਿਆ ਕਿ ਇਨ੍ਹਾਂ ਹਾਲਤਾਂ ਵਿੱਚ ਓਹਨੂੰ ਵੀ ਗੱਲ ਬਾਤ ਕਰਨੀ ਪਵੇਗੀ, ਓਹਦੇ ਦਿਲ ਵਿੱਚ ਇਕ ਗੁੱਸੇ ਦਾ ਭਬਾਕਾ ਜੇਹਾ ਉਨ੍ਹਾਂ ਲੋਕਾਂ ਦੇ ਬਰਖ਼ਲਾਫ਼ ਉੱਠਿਆ, ਜਿਨ੍ਹਾਂ ਇਹੋ ਜੇਹੀਆਂ ਹਾਲਤਾਂ ਪੈਦਾ ਕਰ ਰੱਖੀਆਂ ਸਨ, ਤੇ ਲੋਕਾਂ ਨੂੰ ਇਨ੍ਹਾਂ ਹਾਲਤਾਂ ਤਲੇ ਦਬਾ ਕੇ ਰੱਖਿਆ ਹੋਇਆ ਸੀ । ਓਹਨੂੰ ਹੈਰਾਨੀ ਹੋਈ ਕਿ ਇਨਸਾਨ ਦੇ ਕੁਦਰਤੀ ਜਜ਼ਬਿਆਂ ਉੱਪਰ ਇਹ ਅੱਤਿਆਚਾਰ ਹੋ ਰਹੇ ਸਨ, ਤਾਂ ਵੀ ਕਿਸੀ ਨੂੰ ਇਨ੍ਹਾਂ ਸਿਲਸਲਿਆਂ ਦੇ ਬਰਖ਼ਲਾਫ਼ ਤੈਸ਼ ਨਹੀਂ ਸੀ ਆਉਂਦੀ । ਸਿਪਾਹੀ, ਇਨਸਪੈਕਟਰ ਕੈਦੀ ਸਭ ਇਸ ਤਰਾਂ ਕੰਮ ਕਰ ਰਹੇ ਸਨ ਜਿਸ ਤਰਾਂ ਓਹ ਮੰਨ ਬੈਠੇ ਸਨ ਕਿ ਇਹ ਸਭ ਕੁਛ ਇਉਂ ਕਰਨਾ ਬੜਾ ਜਰੂਰੀ ਸੀ।

੪੨੧