ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/457

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੨

"ਹੱਛਾ ! ਪਰ ਮੈਨੂੰ ਤਾਂ ਇਸ ਵਕਤ ਓਹ ਹੀ ਕਰਨਾ ਚਾਹੀਦਾ ਹੈ ਜਿਸ ਦੇ ਕਰਨ ਲਈ ਮੈਂ ਇੱਥੇ ਆਇਆ ਹਾਂ," ਓਸ ਕਹਿਆ ਤੇ ਦਿਲ ਨੂੰ ਪੱਕਾ ਕਰਨ ਦੀ ਕੀਤੀ, ਹੁਣ ਕੀ ਕਰਨਾ ਹੈ ?" ———ਓਸ ਅੱਗੇ ਪਿੱਛੇ ਕਿਸੀ ਅਫਸਰ ਦੀ ਭਾਲ ਕੀਤੀ———ਤੇ ਇਕ ਪਤਲੇ ਛੋਟੇ ਜੇਹੇ ਆਦਮੀ ਨੂੰ, ਜਿਹੜਾ ਅਫਸਰ ਦੀ ਵਰਦੀ ਪਾਈ ਉੱਤੇ ਤਲੇ ਟਹਿਲ ਰਹਿਆ ਸੀ, ਵੇਖਕੇ ਓਸ ਪਾਸ ਗਇਆ ।

"ਕੀ ਜਨਾਬ ! ਆਪ ਮੈਨੂੰ ਦਸ ਸੱਕਦੇ ਹੋ ?" ਨਿਖਲੀਊਧਵ ਨੇ ਆਪਣੇ ਉੱਪਰ ਜਬਰ ਜੇਹਾ ਕਰਕੇ ਬਾਹਰੋਂ ਬੜੀ ਹੀ ਮੁਲਾਇਮ ਤੇ ਅਦਬ ਕਰਨ ਵਾਲੀ ਸੁਰ ਬਣਾਈ ਹੋਈ ਕਹਿਆ, "ਕਿ ਤੀਮੀਆਂ ਕਿਸ ਪਾਸੇ ਹੁੰਦੀਆਂ ਹਨ ਤੇ ਉਨ੍ਹਾਂ ਨਾਲ ਆਦਮੀ ਕਿੱਥੇ ਮੁਲਾਕਾਤ ਕਰ ਸੱਕਦਾ ਹੈ ?"

"ਕੀ ਆਪ ਤੀਮੀਆਂ ਵਾਲੇ ਪਾਸੇ ਜਾਣਾ ਚਾਹੁੰਦੇ ਹੋ ?"

"ਹਾਂ ਜੀ———ਮੈਂ ਇਕ ਤੀਮੀ ਕੈਦੀ ਨੂੰ ਮਿਲਣ ਦੀ ਇੱਛਾ ਰੱਖਦਾ ਹਾਂ ।" ਨਿਖਲੀਊਧਵ ਨੇ ਉਸੀ ਤਰਾਂ ਆਪਣੇ ਉੱਪਰ ਜਬਰ ਜੇਹਾ ਕਰਕੇ ਅਦਬ ਨਾਲ ਫਿਰ ਕਹਿਆ, "ਆਪ ਨੂੰ ਹਾਲ ਕਮਰੇ ਵਿੱਚ ਐਸਾ ਕਹਣਾ ਚਾਹੀਦਾ ਸੀ। ਆਪ ਨੇ ਕਿਸਨੂੰ ਮਿਲਨਾ ਹੈ ?"