ਉੱਥੋਂ ਜਾਣ ਥੀਂ ਇਕ ਰਾਤ ਪਹਿਲਾਂ ਉਸ ਨੇ ਕਤੂਸ਼ਾ ਨੂੰ ਭਰਮਾ ਲਇਆ ਸੀ ਤੇ ਉਹਨੂੰ ਆਪਣੀ ਕੀਤੀ ਬਦਮਾਸ਼ੀ ਬਦਲੇ ਇਕ ਸੌ ਰੂਬਲ ਦਾ ਨੋਟ ਦੇ ਕੇ ਟੁਰ ਗਇਆ ਸੀ। ਉਸ ਥੀਂ ਪੰਜ ਮਹੀਨੇ ਮਗਰੋਂ ਕਾਤੂਸ਼ਾ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ। ਜਦ ਉਹਨੂੰ ਇਹ ਗੱਲ ਪਤਾ ਲੱਗੀ ਤਦ ਓਹਨੂੰ ਕੁਛ ਵੀ ਚੰਗਾ ਨਹੀਂ ਸੀ ਲੱਗਦਾ। ਉਹਦਾ ਬੱਸ ਇੱਕੋ ਖਿਆਲ ਸੀ ਕਿ ਇਸ ਸ਼ਰਮਸਾਰੀ ਥੀਂ ਕਿਸ ਤਰਾਂ ਬਚੇ ਨਾ ਸਿਰਫ ਉਹ ਆਪਣੇ ਘਰ ਦੇ ਕੰਮ ਕਾਜ ਤੇ ਉਨ੍ਹਾਂ ਮਿੱਸਾਂ ਦੀ ਸੇਵਾ ਆਦਿ ਕਰਨ ਵਿੱਚ ਢਿੱਲੀ ਹੋ ਗਈ ਸੀ, ਬਲਕਿ ਮਿਜਾਜ਼ ਦੀ ਚਿੜਚਿੜੀ ਹੋ ਗਈ ਸੀ। ਇਕ ਵੇਰੀ ਉਨ੍ਹਾਂ ਨੂੰ ਖਹੁਰੀ ਬੋਲੀ ਤੇ ਉਨ੍ਹਾਂ ਨਾਲ ਲੜ ਵੀ ਪਈ। ਆਖ਼ਰ ਉਸ ਆਖਿਆ ਕਿ ਮੈਨੂੰ ਛੁੱਟੀ ਦੇਵੋ ਮੈਂ ਹੁਣ ਨੌਕਰੀ ਨਹੀਂ ਕਰਨੀ। ਭਾਵੇਂ ਇਸ ਬੇਅਦਬੀ ਕਰਨ ਦਾ ਪਿੱਛੋਂ ਉਹਨੂੰ ਮੰਦਾ ਵੀ ਲੱਗਾ ਪਰ ਆਖ਼ਰ ਉਸ ਉਨ੍ਹਾਂ ਦੀ ਨੌਕਰੀ ਛੱਡ ਹੀ ਦਿੱਤੀ। ਉਹ ਮਿੱਸਾਂ ਆਪਣੀ ਥਾਂ ਉਸ ਥੀਂ ਔਖੀਆਂ ਹੀ ਸਨ, ਉਨ੍ਹਾਂ ਛੁੱਟੀ ਵੀ ਦੇ ਦਿੱਤੀ।
ਇਸ ਥੀਂ ਮਗਰੋਂ ਉਸ ਨੇ ਇਕ ਪੋਲੀਸ ਅਫਸਰ ਦੇ ਘਰ ਨੌਕਰਾਨੀ ਦਾ ਕੰਮ ਚੁੱਕਿਆ, ਪਰ ਓਥੇ ਵੀ ਤਿੰਨ ਮਹੀਨੇ ਲਈ ਹੀ ਰਹਿ ਸਕੀ। ਉਹ ਪੋਲੀਸ ਅਫਸਰ ਭਾਵੇਂ ਸੀ ਤਾਂ ਪੰਜਾਹ ਸਾਲਾਂ ਦਾ ਬੁੱਢਾ, ਪਰ ਕਾਤੂਸ਼ਾ ਨੂੰ ਛੇੜਦਾ ਸੀ ਤੇ ਤੰਗ ਕਰਦਾ ਸੀ। ਇਕ ਵੇਰੀ ਉਹ ਇਸ ਦੇ ਮਗਰ ਪਇਆ ਤੇ ਛੇੜਨ ਲੱਗਾ ਕਾਤੂਸ਼ਾ ਉਸ ਵਕਤ ਖਾਸ ਦਲੇਰੀ ਦੀ ਤਬੀਅਤ ਵਿੱਚ ਸੀ। ਉਹਦੇ ਛੇੜਨ ਉੱਪਰ ਇਹ ਤੈਸ਼ ਵਿੱਚ ਆਈ ਤੇ ਉਹਨੂੰ ਬੜੀਆਂ ਗਾਲ੍ਹਾਂ ਕੱਢੀਆਂ। "ਬੇਵਕੂਫ" "ਮਰਦੂਦ"