ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/498

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸੀ ਅਦਾਲਤ ਦੇ ਕਿਸੀ ਦੂਸਰੇ ਮਹਿਕਮੇਂ ਵਿੱਚ ਮਜ਼ੀਦ ਤਹਿਕੀਕਾਤ ਲਈ ਮੋੜਿਆ ਜਾਵੇ" ...........ਬੱਸ ਇਓਂ ਜੋ ਕੁਛ ਹੋ ਸੱਕਦਾ ਹੈ ਓਹ ਕੀਤਾ ਗਇਆ ਹੈ । ਪਰ ਸੱਚੀ ਗੱਲ ਇਹ ਹੈ ਕਿ ਮੈਨੂੰ ਕਾਮਯਾਬੀ ਦੀ ਕੋਈ ਆਸ ਨਹੀਂ, ਭਾਵੇਂ ਦਰਹਕੀਕਤ ਗੱਲ ਇਹ ਹੈ ਕਿ ਉਸ ਵੇਲੇ ਸੈਨੇਟ ਦੇ ਮੈਂਬਰਾਂ ਦੀ ਤਬੀਅਤ ਉੱਪਰ ਹੈ, ਜੇ ਆਪਦਾ ਕੋਈ ਪਹੁੰਚਣ ਦਾ ਵਸੀਲਾ ਹੈ ਤਦ ਤੁਸੀ ਕੋਸ਼ਸ ਕਰ ਲਵੋ।"

"ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਣਦਾ ਹਾਂ ।"

"ਤਦ ਠੀਕ———ਪਰ ਕਰੋ ਜਲਦੀ, ਨਹੀਂ ਤਾਂ ਉਹ ਸਾਰੇ ਆਪਣੀਆਂ ਬਵਾਸੀਰਾਂ ਦੇ ਇਲਾਜ ਲਈ ਬਾਹਿਰ ਵਗ ਜਾਣਗੇ ਤੇ ਫਿਰ ਉਨ੍ਹਾਂ ਦੇ ਮੁੜਨ ਉੱਪਰ ਤਿੰਨ ਮਹੀਨ ਹੋਰ ਉਡੀਕ ਕਰਨੀ ਪੈ ਜਾਵੇਗੀ । ਫਿਰ ਜੇ ਓਹ ਅਪੀਲ ਨੂੰ ਨਾਮਨਜ਼ੂਰ ਕਰਨ ਤਦ ਆਪ ਨੂੰ ਸ਼ਾਹਨਸ਼ਾਹ ਜ਼ਾਰ ਪਾਸ ਵੀ ਅਰਜ ਦਾ ਮੌਕਾ ਹੈ, ਤੇ ਓਹ ਪਰਦਿਆਂ ਦੇ ਪਿੱਛੇ ਕਿਸੀ ਵਸੀਲੇ ਕਰਕੇ ਹੀ ਸੁਣਾਈ ਹੋ ਸੱਕਦੀ ਹੈ, ਐਵੇਂ ਨਹੀਂ । ਤੇ ਉਸ ਹਾਲਤ ਵਿੱਚ ਵੀ ਮੈਂ ਆਪ ਦੀ ਸੇਵਾ ਲਈ ਹਰ ਤਰਾਂ ਤਿਆਰ ਹਾਂ । ਮਤਲਬ ਅਰਜੀ ਪਰਚਾ ਲਿਖਣ ਆਦਿ ਵਿੱਚ, ਪਰਦੇ ਪਿੱਛੇ ਦੇ ਕੰਮਾਂ ਵਿੱਚ ਨਹੀਂ———"

"ਮਿਹਰਬਾਨੀ———ਹੁਣ ਆਪ ਦੀ ਫੀਸ ਕੀ ਹੈ ?"

"ਮੇਰਾ ਅਸਟੰਟ ਆਪ ਨੂੰ ਇਹ ਅਰਜੀ ਦੇਵੇਗਾ, ਤੇ ਨਾਲੇ ਫੀਸ ਵੀ ਦੱਸ ਦੇਵੇਗਾ।"

੪੬੪