ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਚਿਆਂ ਦੇ ਹਸਪਤਾਲ ਵਾਲਿਆਂ ਲਏ ਤੇ ੪੦) ਰੂਬਲ ਉਸ ਦਾਈ ਨੇ ਇਕ ਗਊ ਖਰੀਦਣ ਲਈ ਕਾਤੂਸ਼ਾ ਪਾਸੋਂ ਕਰਜ਼ਾ ਲੀਤੇ, ਤੇ ੨੦) ਰੂਬਲ ਕੱਪੜੇ ਤੇ ਹੋਰ ਲੋੜਵੰਦੀ ਚੀਜਾਂ ਆਦਿ ਦੀ ਖਰੀਦ ਵਿੱਚ ਲੱਗ ਗਏ। ਜਦ ਹੁਣ ਬਾਹਰ ਆਕੇ ਪੱਲੇ ਕੁਛ ਨ ਰਹਿਆ ਤਦ ਕਾਤੂਸ਼ਾ ਨੂੰ ਮੁੜ ਕਿਸੀ ਨੌਕਰੀ ਦੀ ਤਲਾਸ਼ ਕਰਨੀ ਪਈ ਤੇ ਇਕ ਜੰਗਲ ਦੇ ਦਰੋਗੇ ਦੇ ਘਰ ਨੌਕਰੀ ਲੱਝੀ। ਇਹ ਦਰੋਗਾ ਸੀ ਤਾਂ ਵਿਆਹਿਆ ਹੋਇਆ, ਪਰ ਪਹਿਲੇ ਦਿਨ ਥੀਂ ਹੀ ਉਸ ਨੇ ਕਾਤੂਸ਼ਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਕਾਤੂਸ਼ਾ ਉਹਨੂੰ ਦਿਲੋਂ ਘ੍ਰਿਣਾ ਕਰਦੀ ਸੀ ਤੇ ਉਸ ਥਾਂ ਪਰੇ ਪਰੇ ਰਹਿਣ ਦੀ ਕੋਸ਼ਿਸ਼ ਕਰਦੀ ਸੀ। ਪਰ ਉਹ ਉਸਦਾ ਅੰਨ ਦਾਤਾ ਸੀ ਤੇ ਕਾਤੂਸ਼ਾ ਨਿਰੀ ਨੌਕਰਾਨੀ ਸੀ, ਉਹ ਉਹਨੂੰ ਜਿਸ ਪਾਸੇ ਉਹ ਚਹੇ ਬੁਲਾ ਲੈਂਦਾ ਸੀ। ਨਾਲੇ ਉਹ ਬੜਾ ਹੀ ਸਿਆਣਾ ਤੇ ਚਾਲਾਕ ਆਦਮੀ ਸੀ, ਉਹਨੂੰ ਫਸਾਣ ਦੇ ਸਾਰੇ ਢੰਗ ਆਉਂਦੇ ਸਨ। ਆਖਰ ਉਸ ਨੇ ਮੌਕਾ ਪਾਕੇ ਕਾਤੂਸ਼ਾ ਨੂੰ ਕਾਬੂ ਕਰਕੇ ਖਰਾਬ ਕਰ ਹੀ ਦਿੱਤਾ। ਉਹਦੀ ਵਹੁਟੀ ਨੂੰ ਇਸ ਗੱਲ ਦੀ ਖਬਰ ਲੱਗ ਗਈ ਤੇ ਇਕ ਦਿਨ ਆਪਣੇ ਖਾਵੰਦ ਤੇ ਕਾਤੂਸ਼ਾ ਨੂੰ ਇਕ ਕੱਲੇ ਕਮਰੇ ਵਿੱਚ ਇਕੱਠਾ ਬੈਠਿਆਂ ਪਕੜ ਕੇ ਉਸ ਨੇ ਕਾਤੂਸ਼ਾ ਨੂੰ ਖੂਬ ਕੁੱਟਿਆ। ਕਾਤੂਸ਼ਾ ਵੀ ਅੱਗੋਂ ਮੁਕਾਬਲੇ ਤੇ ਖਲੋ ਗਈ, ਦੋਹਾਂ ਦੀ ਖੂਬ ਲੜਾਈ ਹੋਈ ਤੇ ਕਾਤੂਸ਼ਾ ਨੂੰ ਬਿਨਾਂ

੧੬