ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/501

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਲਸੇ ਵਿੱਚ ਹਿੱਸਾ ਲਓ । ਇਹ ਮੀਟਿੰਗ ਬੜੀ ਹੀ ਦਿਲਚਸਪ ਹੋਵੇਗੀ । ਐਨਾਤੋਲ ਬੜਾ ਹੀ ਅੱਛਾ ਬੋਲਦਾ ਹੈ ।"

"ਆਪ ਦੇਖਦੇ ਹੋ ਕਿ ਮੈਨੂੰ ਕਿੰਨਾਂ ਕੰਮ ਕਰਨਾ ਪੈਂਦਾ ਹੈ," ਤਾਂ ਫਨਾਰਿਨ ਨੇ ਕਿਹਾ, ਤੇ ਆਪਣੇ ਹੱਥ ਵਹੁਟੀ ਵਲ ਕਰਕੇ ਹੱਥਾਂ ਦੀਆਂ ਤਲੀਆਂ ਉੱਪਰ ਵਲ ਕਰਕੇ ਚਾ ਦੱਸਿਆ ਤੇ ਉਸ ਵਲ ਤੱਕ ਕੇ ਹੱਸ ਕੇ ਕਹਿੰਦਾ ਹੈ ਕਿ ਕੋਈ ਕਿੰਵੇਂ ਇਹੋ, ਜੇਹੀ ਨਾਜ਼ਨੀਨ ਦਾ ਕਹਿਣਾ ਮੋੜੇ ।

ਨਿਖਲੀਊਧਵ ਨੇ ਇਕ ਉਦਾਸ ਤੇ ਸੰਜੀਦਾ ਨਿਗਾਹ ਉਸ ਵਲ ਕਰਕੇ, ਵਕੀਲ ਦੀ ਵਹੁਟੀ ਪਾਸੋਂ ਮਾਫੀ ਮੰਗੀ ਤੇ ਬੜੇ ਅਦਬ ਅਦਾਬ ਨਾਲ ਉਸਦੇ ਨੇਵਤੇ ਦਾ ਧੰਨਵਾਦ ਕੀਤਾ ਪਰ ਓਹਦਾ ਬੁਲਾਵਾ ਨਾ-ਮਨਜ਼ੂਰ ਕਰਕੇ ਤੁਰ ਗਇਆ ।

"ਕੇਹਾ ਫਿੱਟਿਆ ਹੋਇਆ ਉੱਪਰ ਉੱਪਰ ਦੇ ਬਨਾਵਟੀ ਨਖਰੇ ਕਰਨ ਵਾਲਾ ਹੈ," ਵਕੀਲ ਦੀ ਵਹੁਟੀ ਨੇ ਜਦ ਓਹ ਚਲਾ ਗਇਆ ਤਾਂ ਕਹਿਆ ।

ਉਡੀਕ ਕਰਨ ਵਾਰੇ ਕਮਰੇ ਵਿੱਚ ਨਿਖਲੀਊਧਵ ਨੂੰ ਅਸਟੰਟ ਨੇ ਉਸ ਅਰਜ਼ੀ ਦਾ ਮਸੌਦਾ ਦਿੱਤਾ ਤੇ ਕਹਿਆ ਕਿ ਫੀਸ ੧੦੦੦) ਰੂਬਲ ਹੈ ਤੇ ਨਾਲੇ ਦੱਸਿਆ ਕਿ ਮਿਸਟਰ ਫਨਾਰਿਨ ਇਹੋ ਜਿਹੇ ਮਾਮੂਲੀ ਕੰਮ ਆਮ ਕਰਕੇ ਨਹੀਂ ਕਰਦਾ ਹੁੰਦਾ, ਪਰ ਆਪ ਦਾ ਖਾਸ ਲਿਹਾਜ਼ ਕੀਤਾ ਸੂ ।

੪੬੭