ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/524

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਬੜੀ ਉੱਚੀ ਹੱਸ ਪਈ ।

"ਕਾਤੂਸ਼ਾ!" ਉਸ ਓਹਨੂੰ ਹੱਥ ਨਾਲ ਛੋਹ ਕੇ ਕਹਿਆ ।

"ਤੂੰ ਜਾ ਪਰੇ———ਮੈਂ ਕੈਦੀ ਹਾਂ ਤੂੰ ਸ਼ਾਹਜ਼ਾਦਾ———ਤੇ ਤੇਰਾ ਇਥੇ ਕੋਈ ਕੰਮ ਨਹੀਂ," ਓਹ ਚੀਖ ਪਈ, ਉਹਦਾ ਸਾਰਾ ਮੂੰਹ ਗੁੱਸੇ ਨਾਲ ਬਦਲ ਗਇਆ———ਤੇ ਆਪਣਾ ਹਥ ਛੁੜਾ ਲਇਆ।

"ਤੂੰ ਆਪਣਾ ਆਪ ਮੇਰੀ ਰਾਹੀਂ ਬਚਾਉਣਾ ਚਾਹੁੰਦਾ ਹੈਂ," ਓਹ ਆਪਣੀ ਰੂਹ ਦੇ ਉਬਲਦੇ ਗੁਬਾਰ ਨੂੰ ਕੱਢਣ ਲਈ ਛੇਤੀ ਛੇਤੀ ਬੋਲੀ ਗਈ, "ਤੂੰ ਮੇਰੇ ਥੀਂ ਇਸ ਜ਼ਿੰਦਗੀ ਵਿਚ ਜਿਸਮਾਨੀ ਮਜ਼ਾ ਲਇਆ, ਹੁਣ ਮੇਰੇ ਰਾਹੀਂ ਆਣ ਵਾਲੀ ਰੂਹਾਨੀ ਜ਼ਿੰਦਗੀ ਦਾ ਵੀ ਬਚਾ ਚਾਹੁੰਦਾ ਹੈਂ———ਤੂੰ ਮੇਰੇ ਲਈ ਇਕ ਕਰੈਹਤ ਹੈਂ———ਤੇਰੀਆਂ ਐਨਕਾਂ ਤੇ ਇਹ ਸਾਰਾ ਤੇਰਾ ਮੋਟਾ ਗੰਦਾ ਬਦਨ——ਜਾ——ਜਾ !" ਉਹ ਚੀਖ ਕੇ ਬੋਲੀ ਤੇ ਜਾਣ ਨੂੰ ਉਠ ਖਲੀ ਹੋਈ ।

ਜੇਲਰ ਉਨ੍ਹਾਂ ਪਾਸ ਆ ਗਇਆ———

"ਇਹ ਕੇਹਾ ਰੌਲਾ ਪਾ ਰਹੀ ਹੈ, ਇੱਥੇ ਨਹੀਂ ਚਲੇਗਾ...।"

"ਇਹਨੂੰ ਕੁਛ ਨ ਕਹੋ, ਨਿਖਲੀਊਧਵ ਨੇ ਕਹਿਆ ।

"ਇਹਨੂੰ ਆਪਣੇ ਆਪ ਨੂੰ ਇਉਂ ਭੁਲ ਤਾਂ ਨਹੀਂ ਜਾਣਾ ਚਾਹੀਦਾ ਜੀ," ਜੇਲਰ ਨੇ ਕਹਿਆ ।

"ਜ਼ਰਾ ਠਹਿਰੋ, ਨਿਖਲੀਊਧਵ ਨੇ ਤੇ ਕਹਿਆ ਜੇਲਰ ਮੁੜ ਬਾਰੀ ਪਾਸ ਚਲਾ ਗਇਆ।

੪੯੦